ਮੋਗਾ : ਜ਼ਿਲ੍ਹਾ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਨੇੜਲੇ ਪਿੰਡ ਕੋਟਲਾ ਰਾਏਕਾ ਵਿਖੇ 4 ਕਿਲੇ ਕਣਕ ਅਤੇ ਖੇਤ ਵਿੱਚ ਖੜ੍ਹਾ ਟਰੈਕਟਰ ਸੜ ਕੇ ਹੋਇਆ ਸੁਆਹ ਹੋ ਗਿਆ। ਪਿੰਡ ਦੇ ਲੋਕਾਂ ਨੇ ਕਿਹਾ ਕਿ ਪੀੜਤ ਕਿਸਾਨ ਕੁਲਦੀਪ ਸਿੰਘ ਕਣਕ ਵੱਢ ਰਿਹਾ ਸੀ ਅਤੇ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 4 ਕਿੱਲੇ ਕਣਕ ਅਤੇ ਇਕ ਟਰੈਕਟਰ ਸੜ ਕੇ ਸੁਆਹ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਅੱਗ ਉਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ।
ਫਾਇਰ ਸਟੇਸ਼ਨ ਵਿੱਚ ਖੜ੍ਹੀਆਂ ਗੱਡੀਆਂ ਵੀ ਮਹਿਜ਼ ਚਿੱਟਾ ਹਾਥੀ : ਪਿੰਡ ਦੇ ਲੋਕਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਅਧਿਕਾਰੀ ਮੌਕੇ ਉਤੇ ਕੋਈ ਵੀ ਨਹੀ ਆਏ। ਲੋਕਾਂ ਨੇ ਕਿਹਾ ਕਿ ਬਾਘਾਪੁਰਾਣਾ ਦੀ ਨਗਰ ਕੌਂਸਲ ਦੇ ਵਿਚ ਖੜ੍ਹੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਚਿੱਟਾ ਹਾਥੀ ਸਾਬਤ ਹੋ ਗਈਆਂ ਹਨ, ਕਿਉਂਕਿ ਲੋੜ ਪੈਣ ਉਤੇ ਇਹ ਗੱਡੀਆਂ ਕੰਮ ਨਹੀਂ ਆਉਂਦੀਆਂ। ਪੀੜਤ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਨ ਪਰ ਲੋੜ ਪੈਣ ਉਤੇ ਉਹ ਕਿਸੇ ਕੰਮ ਨਹੀਂ ਆਉਂਦੀਆਂ। ਉਕਤ ਕਿਸਾਨ ਨੇ ਦੱਸਿਆ ਕਿ ਮੇਰੇ ਖੇਤ ਵਿੱਚ ਲੱਗੀ ਅੱਗ ਉਤੇ ਕਾਬੂ ਪਾਉਣ ਲਈ ਅਸੀਂ ਖੁਦ ਹੰਭਲਾ ਮਾਰਿਆ। ਅੱਗ ਬੁਝਾਉਂਦੇ ਹੋਏ ਕਈਆਂ ਦੇ ਹੱਥ ਸੜ ਗਏ।
ਇਹ ਵੀ ਪੜ੍ਹੋ : ਆਪ ਦੇ ਭ੍ਰਿਸ਼ਟਾਚਾਰ ਵਿਰੋਧੀ ਮਾਡਲ ਉਤੇ ਵਿਰੋਧੀਆਂ ਦੇ ਸਵਾਲ; "ਕਈ ਸਾਬਕਾ ਮੰਤਰੀਆਂ ਵਿਰੁੱਧ ਦਰਜ ਮਾਮਲੇ, ਪਰ ਸਬੂਤ ਜੁਟਾਉਣ 'ਚ ਨਕਾਮ ਪੰਜਾਬ ਵਿਜੀਲੈਂਸ"
ਸਰਕਾਰ ਤੇ ਵਿਧਾਇਕ ਤੋਂ ਸਾਨੂੰ ਕੋਈ ਵੀ ਉਮੀਦ ਨਹੀਂ : ਸਾਨੂੰ ਪੰਜਾਬ ਸਰਕਾਰ ਤੇ ਸਾਡੇ ਵਿਧਾਇਕ ਤੋਂ ਕੋਈ ਵੀ ਉਮੀਦ ਨਹੀਂ ਹੈ ਕਿ ਉਹ ਸਾਡੀ ਕੋਈ ਮਦਦ ਕਰ ਸਕਦੇ ਹਨ। ਪਹਿਲਾਂ ਬੇਮੌਸਮੀ ਬਾਰਿਸ਼ ਨੇ ਸਾਡੀਆਂ ਫਸਲਾਂ ਖਰਾਬ ਕਰ ਦਿਤੀਆਂ ਤੇ ਹੁਣ ਇਹ ਅੱਗ ਦੀ ਮਾਰ। ਹਾਲੇ ਤਕ ਤਾਂ ਪੰਜਾਬ ਸਰਕਾਰ ਨੇ ਉਹ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ, ਹੋਰ ਤਾਂ ਅਸੀਂ ਪੰਜਾਬ ਸਰਕਾਰ ਤੋਂ ਉਮੀਦ ਹੀ ਕਿ ਕਰ ਸਕਦੇ ਹਾਂ। ਉਨ੍ਹਾਂ ਸਰਕਾਰ ਨੂੰ ਲਾਹਣਤਾ ਪਾਉਂਦਿਆਂ ਕਿਹਾ ਕਿ ਸਾਡੀਆਂ ਫਸਲਾਂ ਦਾ ਜੇ ਇਸੇ ਤਰ੍ਹਾਂ ਨੁਕਸਾਨ ਹੁੰਦਾ ਰਿਹਾ ਤਾਂ ਅਸੀਂ ਖੇਤੀ ਕਰਨੀ ਹੀ ਬੰਦ ਕਰ ਦਿੰਦੇ ਆ ਕਿਉਂਕਿ ਸਾਨੂੰ ਸਰਕਾਰਾਂ ਤੋਂ ਕੋਈ ਵੀ ਉਮੀਦ ਨਹੀਂ ਹੈ। ਜੇਕਰ ਅੰਨਦਾਤੇ ਦਾ ਇਸ ਤਰ੍ਹਾਂ ਨੁਕਸਾਨ ਹੁੰਦਾ ਰਿਹਾ ਤਾਂ ਕਿਸਾਨ ਖੁਦਖੁਸ਼ੀਆਂ ਦੇ ਰਾਹ ਉਤੇ ਤੁਰਨਗੇ। ਪੰਜਾਬ ਸਰਕਾਰ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੀ ਹਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਹੁਣ ਅਸੀਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਾਂ ਕਿਹਾ ਕਿ ਜੋ ਉਨ੍ਹਾਂ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਸਰਕਾਰ ਦੇਵੇ।