ਮੋਗਾ: ਸੂਬੇ 'ਚ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੂੰ ਪੂਰਾ ਕਰਨ ਦਾ ਐਲਾਨ ਕੈਬਿਨਟ ਮੰਤਰੀ ਹਰਭਜਨ ਸਿੰਘ ਵੱਲੋਂ ਕੀਤਾ ਗਿਆ ਹੈ। ਦਰਅਸਲ ਹਾਲ ਹੀ 'ਚ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਮੰਤਰੀ ਅਚਾਨਕ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਹਲਕਾ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਅਤੇ ਹੋਰ ਹਾਜ਼ਰ ਸਨ।
ਉਥੇ ਹੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਭ ਤੋਂ ਪ੍ਰਮੁੱਖ ਤਰਜੀਹ ਸਿੱਖਿਆ ਖੇਤਰ ਵਿੱਚ ਸੁਧਾਰ ਕਰਨਾ ਹੈ।ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸੂਬੇ ਦੇ ਸਕੂਲਾਂ ਦੇ ਅਧਿਆਪਕ ਬੱਚਿਆਂ ਨੂੰ ਵਧੀਆ ਸਿੱਖਿਆ ਮੁਹਈਆ ਕਰਵਾਉਣ ਇਸੇ ਕਰਕੇ ਹੀ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹੋਰ ਦੇਸ਼ਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਜੇਕਰ ਸਕੂਲ ਮੁਖੀ ਚੰਗੇ ਹੋਣਗੇ ਤਾਂ ਸਕੂਲ ਦੇ ਨਤੀਜੇ ਵੀ ਵਧੀਆ ਆਉਣਗੇ।
ਇਹ ਵੀ ਪੜ੍ਹੋ : ਪੰਜਾਬ ਵਿੱਚ Schools of Eminence ਦੀ ਸ਼ੁਰੂਆਤ
ਇਸੇ ਕਰਕੇ ਹੀ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਨੂੰ ਜਲਦ ਹੀ ਭਰਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਿੱਖਿਆ ਨੂੰ ਰੋਜ਼ਗਾਰ ਮੁਖੀ ਬਣਾਇਆ ਜਾ ਰਿਹਾ ਹੈ। ਬੱਚਿਆਂ ਨੂੰ ਤਕਨੀਕੀ ਸਿੱਖਿਆ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਕਰਕੇ ਹੀ ਸੂਬੇ ਵਿੱਚ ਜਲਦੀ ਹੀ 100 ਤੋਂ ਵਧੇਰੇ ਸਕੂਲ ਆਫ ਐਮੀਨੇਂਸ ਖੋਲ੍ਹੇ ਜਾ ਰਹੇ ਹਨ। ਇਹਨਾਂ ਸਕੂਲਾਂ ਵਿੱਚ ਹੁਸ਼ਿਆਰ ਬੱਚਿਆਂ ਦੀ ਰੁਚੀ ਨੂੰ ਤਲਾਸ਼ ਕੇ ਉਹਨਾਂ ਨੂੰ ਢੁੱਕਵੀਂ ਸਿੱਖਿਆ ਦਿੱਤੀ ਜਾਵੇਗੀ ਤਾਂ ਜੌ ਉਹ ਆਪਣੀ ਰੁਚੀ ਮੁਤਾਬਿਕ ਆਪਣਾ ਖੇਤਰ/ਕਿੱਤਾ ਚੁਣ ਸਕਣ।ਉਹਨਾਂ ਕਿਹਾ ਕਿ ਉਹਨਾਂ ਦੇ ਦੌਰੇ ਦਾ ਮਕਸਦ ਸਕੂਲ ਦੀਆਂ ਲੋੜਾਂ ਨੂੰ ਜਾਣਨਾ ਅਤੇ ਉਹਨਾਂ ਨੂੰ ਦੂਰ ਕਰਨ ਲਈ ਯਤਨ ਕਰਨਾ ਹੈ। ਇਸ ਮੌਕੇ ਉਹਨਾਂ ਸਕੂਲ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਪ੍ਰਗਟ ਕੀਤੀ।
ਜ਼ਿਕਰਯੋਗ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿਚ ਬਣੀ ਹੈ ਉਦੋਂ ਤੋਂ ਹੀ ਸੂਬਾ ਸਰਕਾਰ ਵੱਲੋਂ ਵੱਖ ਵੱਖ ਹੀਲੇ ਕੀਤੇ ਜਾ ਰਹੇ ਹਨ। ਦਿੱਲੀ ਦੀ ਸਿਖਿਆ ਪ੍ਰਣਾਲੀ ਨਾਲ ਜੋੜ ਕੇ ਅਕਸਰ ਗੱਲਾਂ ਵੀ ਹੁੰਦੀਆਂ ਆਈਆਂ ਹਨ ਕਿ ਜਿਹੋ ਜਿਹੇ ਸਕੂਲ ਦਿੱਲੀ ਵਿਚ ਹਨ ਉਹੋ ਜਿਹੇ ਸਕੂਲ ਪੰਜਾਬ ਵਿਚ ਹੋਣ ਅਤੇ ਨਾਲ ਹੀ ਸਿਖਿਆ ਵੱਧ ਵੱਧ ਤੋਂ ਵੱਧ ਦਿੱਤੀ ਜਾਵੇ ਤਾਂ ਜੋ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿਚ ਹੀ ਸਾਰੀਆਂ ਸਹੂਲਤਾਂ ਮਿਲ ਸਕਣ। ਇੰਨਾ ਹੀ ਨਹੀਂ ਹਾਲ ਹੀ ਚ ਮੰਤਰੀ ਗਗਨ ਅਨਮੋਲ ਮਾਨ ਵਲੋਂ ਵੀ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਦੇ ਸਕੂਲਾਂ ਵਰਗੇ ਹੋਣਗੇ ਪੰਜਾਬ ਦੇ ਸਕੂਲ।