ਮੋਗਾ: ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਭੇਟ ਜ਼ਿਲੇ ਦੇ ਦੋ ਹੋਰ ਕਿਸਾਨ ਚੜ੍ਹ ਗਏ ਹਨ। ਜਿਸ ਦੇ ਚੱਲਦਿਆਂ ਜ਼ਿਲ੍ਹੇ ਵਿਚ ਸੋਗ ਦੀ ਲਹਿਰ ਹੈ, ਉਥੇ ਹੀ ਕਿਸਾਨ ਜਥੇਬੰਦੀਆਂ ਨੇ ਪੀੜ੍ਹਤ ਪਰਿਵਾਰਾਂ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਜਲਾਲਾਬਾਦ ਅਤੇ ਪਿੰਡ ਰੌਲੀ ਦੇ ਰਹਿਣ ਵਾਲੇ ਦੋ ਕਿਸਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ। ਕਿਸਾਨ ਮੋਰਚੇ ਸਿੰਘੂ ਬਾਰਡਰ ਤੋਂ ਪਰਤੇ ਪਿੰਡ ਜਲਾਲਾਬਾਦ ਪੂਰਬੀ ਦੇ ਰਹਿਣ ਵਾਲੇ ਰਣਜੀਤ ਸਿੰਘ ਪੁੱਤਰ ਲਾਲ ਸਿੰਘ ਦੀ ਕੱਲ੍ਹ ਫਰੀਦਕੋਟ ਹਸਪਤਾਲ ’ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਕਾਮਰੇਡ ਸੂਰਤ ਸਿੰਘ ਕਿਸਾਨ ਸਭਾ ਆਗੂ ਨੇ ਦੱਸਿਆ ਕਿ ਉਹ ਮੋਜੂਦਾ ਚੱਲ ਰਹੇ ਕਿਸਾਨ ਅਦੋਲਨ ਦੇ ਸਰਗਰਮ ਕਾਰਕੁੰਨ ਸਨ।
ਉਨ੍ਹਾਂ ਬਹੁਤ ਲਗਨ ਨਾਲ ਸਿੰਘੂ ਬਾਰਡਰ ’ਤੇ ਚਲ ਰਹੇ ਕਿਸਾਨ ਘੋਲ ’ਚ ਹਿੱਸਾ ਲਿਆ। ਕੁਝ ਦਿਨ ਪਹਿਲਾਂ ਉਹ ਬੀਮਾਰ ਹੋਣ ਕਾਰਨ ਇਲਾਜ ਕਰਾਉਣ ਵਾਪਸ ਆਏ ਸਨ ਅਤੇ ਫਰੀਦਕੋਟ ਹਸਪਤਾਲ ਦਾਖ਼ਲ ਹੋਏ। ਰਣਜੀਤ ਸਿੰਘ ਨੇ ਬਿਮਾਰੀ ਨਾਲ ਜੂਝਦਿਆਂ ਕੱਲ ਦਮ ਤੋੜ ਦਿੱਤਾ।
10 ਦਿਨ ਪਹਿਲਾਂ ਹੀ ਪਿੰਡ ਤੋਂ ਗਿਆ ਸੀ ਸਿੰਘੂ ਬਾਰਡਰ ’ਤੇ ਦੁਬਾਰਾ ਧਰਨੇ ’ਚ ਸ਼ਾਮਲ ਹੋਣ ਲਈ
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਵਿਚਾਲੇ ਸਿੰਘੂ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਧਰਨੇ ’ਚ ਸ਼ਾਮਲ ਕਿਸਾਨ ਦਰਸ਼ਨ ਸਿੰਘ ਪੁੱਤਰ ਅਮਰ ਸਿੰਘ (71) ਵਾਸੀ ਪਿੰਡ ਰੌਲੀ ਦੇ ਕਿਸਾਨ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮ੍ਰਿਤਕ ਆਪਣੇ ਪਿੱਛੇ ਦੋ ਪੁੱਤਰ ਤੇ ਪਤਨੀ ਛੱਡ ਗਿਆ ਹੈ। ਦਰਸ਼ਨ ਸਿੰਘ ਮੱਧਵਰਗੀ ਪਰਿਵਾਰ ਨਾਲ ਸਬੰਧਤ ਸੀ ਜੋ 20 ਦਿਨ ਪਹਿਲਾਂ ਧਰਨੇ ਤੇ ਰਹਿ ਕੇ ਹੁਣ ਫ਼ਿਰ 10 ਦਿਨਾਂ ਤੋ ਸਿੰਘੂ ਬਾਰਡਰ ’ਤੇ ਧਰਨੇ ਵਿੱਚ ਡਟਿਆ ਹੋਇਆ ਸੀ। ਦਰਸ਼ਨ ਸਿੰਘ ਦੀ ਮੌਤ ਦੀ ਖ਼ਬਰ ਆਉਣ ਨਾਲ ਪਿੰਡ ਰੌਲੀ ਵਿਚ ਸੋਗ ਦੀ ਲਹਿਰ ਦੌੜ ਗਈ।