ਮੋਗਾ : ਪਿੰਡ ਤਲਵੰਡੀ ਮੱਲੀਆਂ ਵਿੱਚ 4 ਗ਼ਰੀਬ ਪਰਿਵਾਰਾਂ ਨਾਲ ਟ੍ਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਗੁਰਮੇਲ ਕੌਰ ਪਤਨੀ ਆਤਮਾ ਸਿੰਘ, ਸੰਦੀਪ ਸਿੰਘ ਪੁੱਤਰ ਅਜਮੇਰ ਸਿੰਘ, ਧਰਮਪਾਲ ਸਿੰਘ ਪੁੱਤਰ ਛਿੰਦਰਪਾਲ ਸਿੰਘ, ਰਮੇਸ਼ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਤਲਵੰਡੀ ਮੱਲ੍ਹੀਆਂ ਨਾਲ ਉਨ੍ਹਾਂ ਦੇ ਹੀ ਪਿੰਡ ਦੀ ਇੱਕ ਔਰਤ ਗਿਆਨ ਕੌਰ ਪਤਨੀ ਗੁਰਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਠੱਗੀ ਮਾਰੀ ਹੈ।
ਪੀੜਤਾਂ ਦੇ ਦੱਸਣ ਮੁਤਾਬਕ ਉੱਕਤ ਗਿਆਨ ਕੌਰ ਨੇ ਉਨ੍ਹਾਂ ਨੂੰ ਮਲੇਸ਼ੀਆ ਦਾ ਵਰਕ ਪਰਮਿਟ ਦਿਵਾਉਣ ਦੇ ਬਦਲੇ ਪੈਸੇ ਲਏ ਸਨ ਅਤੇ ਉਨ੍ਹਾ ਨੂੰ ਮਲੇਸ਼ੀਆ ਭੇਜਿਆ ਗਿਆ। ਉੱਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਜੋ ਵੀਜ਼ਾ ਮਿਲਿਆ ਹੈ ਉਹ ਤਾਂ ਟੂਰਿਸਟ ਵੀਜ਼ਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਮਲੇਸ਼ੀਆ ਤੋਂ ਵਾਪਸ ਆਉਣ ਲਈ ਵੀ ਹੋਰ ਪੈਸੇ ਦੇ ਕੇ ਘਰ ਵਾਪਸ ਪਰਤਣਾ ਪਿਆ।
ਪੀੜਤਾਂ ਵਿੱਚੋਂ ਕੁੱਝ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਦੱਸਿਆ ਕਿ ਉੱਕਤ ਏਜੰਟਾਂ ਨੇ ਉਨ੍ਹਾਂ ਨੂੰ ਝਾਂਸੇ ਵਿੱਚ ਲੈ ਕੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਪੀੜਤਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਉਨ੍ਹਾਂ ਨਾਲ ਜੋ ਠੱਗੀ ਵੱਜੀ ਹੈ ਉਹ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਵੇਚਣ ਵਾਲੇ 2 ਨੌਜਵਾਨ ਗ੍ਰਿਫ਼ਤਾਰ
ਇਸ ਸਬੰਧ ਵਿੱਚ ਥਾਣਾ ਅਜੀਤਵਾਲ ਦੇ ਐੱਸਐੱਚਓ ਭੁਪਿੰਦਰ ਕੌਰ ਨੇ ਦੱਸਿਆ ਕਿ ਉੱਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਵਿਚ ਜੋ ਵੀ ਸਾਹਮਣੇ ਆਉਂਦਾ ਹੈ ਉਸ ਦੇ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।