ਮੋਗਾ: ਪੰਜਾਬ ਵਿੱਚ ਤੇਜ਼ ਰਫ਼ਤਾਰੀ ਕਾਰਨ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਹਾਦਸਾ ਮੋਗਾ ਲੁਧਿਆਣਾ ਬਾਈਪਾਸ ਉੱਤੇ ਵਾਪਰਿਆ ਹੈ, ਜਿੱਥੇ 2 ਸਕੂਲੀ ਬੱਸਾਂ ਤੇ ਟਰੱਕ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਦੌਰਾਨ 2 ਸਕੂਲੀ ਬੱਸਾਂ ਵਿੱਚ ਸਵਾਰ 28 ਬੱਚੇ ਜ਼ਖ਼ਮੀ ਹੋ ਗਏ ਹਨ, ਜਿਹਨਾਂ ਵਿੱਚੋਂ 5 ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀ ਬੱਚਿਆਂ ਨੂੰ ਮੌਕੇ ਉੱਤੇ ਲੋਕਾਂ ਨੇ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ। ਇਸ ਹਾਦਸੇ ਦਾ ਕਾਰਨ ਸਕੂਲ ਬੱਸ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਕੁਲ ਸਕੂਲ ਦੇ ਬੱਸ ਡਰਾਈਵਰ ਨੇ ਇਕਦਮ ਯੂ ਟਰਨ ਲੈ ਲਿਆ ਸੀ, ਜਿਸ ਕਾਰਨ ਪਿੱਛੋਂ ਆ ਰਿਹਾ ਟਰੱਕ ਬੱਸ ਨਾਲ ਟਕਰਾ ਗਿਆ।
ਮਾਪਿਆਂ ਵੱਲੋਂ ਸਕੂਲ 'ਤੇ ਇਲਜ਼ਾਮ: ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਫੀਸਾਂ ਪੂਰੀਆਂ ਦੇ ਰਹੇ ਹਾਂ ਤਾਂ ਫਿਰ ਸਹੂਲਤਾਂ ਕਿਉਂ ਅਧੂਰੀਆਂ ਹਨ। ਉਹਨਾਂ ਕਿਹਾ ਕਿ ਸਕੂਲੀ ਬੱਸਾਂ ਦੇ ਟਾਇਰਾਂ ਦੀਆਂ ਗੁੱਡੀਆਂ ਵੀ ਪੂਰੀ ਤਰ੍ਹਾਂ ਨਾਲ ਘਸੀਆਂ ਹੋਈਆਂ ਹਨ, ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਕਿਹਾ ਕਿ ਅਜਿਹੇ ਹਾਦਸੇ ਅਣਜਾਣ ਡਰਾਈਵਰਾਂ ਦੀ ਭਰਤੀ ਕਾਰਨ ਵਾਪਰਦੇ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਮੌਕੇ ਹਾਲ: ਇਸ ਦੌਰਾਨ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਬੱਸ ਤੇਜ ਹੋਣ ਕਾਰਨ ਇਕੋ ਦਮ ਯੂ ਟਰਨ ਲੈਣ ਸਮੇਂ ਭਿਆਨਕ ਹਾਦਸਾ ਵਾਪਰਿਆ ਹੈ। ਉਹਨਾਂ ਕਿਹਾ ਕਿ ਬੱਸ ਵਿੱਚ 25 ਤੋਂ 28 ਬੱਚੇ ਸਵਾਰ ਸਨ, ਜੋ ਜ਼ਖ਼ਮੀ ਹੋ ਗਏ ਹਨ। ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।