ਮੋਗਾ: ਇਕ ਵਾਰ ਫਿਰ ਮਾਨ ਸਰਕਾਰ ਵਲੋਂ ਲੋਕਾਂ ਨੂੰ ਟੋਲ ਪਲਾਜ਼ੇ ਤੋਂ ਰਾਹਤ ਦੇਣ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ ਕਿ ਇਸ ਵਾਰ ਸਿੰਘਾਵਾਲਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਲੋਕਾਂ ਦੇ ਹਰ ਰੋਜ਼ 4.50 ਲੱਖ ਰੁਪਏ ਬਚਣਗੇ। ਆਮ ਜਨਤਾ ਦੀ ਜੇਬ ਤੋਂ ਬੋਝ ਘਟੇਗਾ। ਟੋਲ ਪਲਾਜ਼ਾ ਬੰਦ ਕਰਨ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਨੂੰ ਪੁਲਿਸ ਤੇ ਪ੍ਰਸ਼ਾਸਨ ਵਲੋਂ ਮੁਕੰਮਲ ਕਰ ਲਿਆ ਗਿਆ ਹੈ।
ਵਰ੍ਹਦੇ ਮੀਂਹ 'ਚ ਪਹੁੰਚੇ ਮਾਨ: ਪੰਜਾਬ ਦੇ ਕੋਟਕਪੂਰਾ-ਮੋਗਾ ਹਾਈਵੇਅ 'ਤੇ ਪਿੰਡ ਚੰਦ ਪੁਰਾਣਾ ਵਿੱਚ ਪੀਡੀ ਅਗਰਵਾਲ ਟੋਲ ਪਲਾਜ਼ਾ ਆਵਾਜਾਈ ਲਈ ਮੁਕਤ ਹੋ ਗਿਆ ਹੈ। ਭਗਵੰਤ ਮਾਨ ਟੋਲ ਪਲਾਜ਼ਾ ਬੰਦ ਕਰਵਾਉਣ ਪਹੁੰਚੇ। ਹਾਲਾਂਕਿ, ਪਹਿਲਾਂ ਇਸ ਟੋਲ ਪਲਾਜ਼ਾ ਨੂੰ 21 ਜੁਲਾਈ ਤੋਂ ਬੰਦ ਕਰਨ ਦੀ ਗੱਲ ਕਹੀ ਗਈ ਸੀ, ਪਰ ਕਾਰਜਕਾਰੀ ਕੰਪਨੀ ਦੇ ਪੈਸੇ ਪੂਰੇ ਹੋਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਨਿਰਧਾਰਤ ਸਮਾਂ ਸੀਮਾ ਤੋਂ 15 ਦਿਨ ਪਹਿਲਾਂ ਇਹ ਟੋਲ ਪਲਾਜ਼ਾ ਬੰਦ ਕੀਤਾ ਜਾ ਰਿਹਾ ਹੈ। ਕੋਟਕਪੂਰਾ ਤੋਂ ਮੋਗਾ ਜਾਂਦੇ ਸਮੇਂ ਕਰੀਬ 35 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਚੰਦ ਪੁਰਾਣਾ ਵਿੱਚ ਪੀ.ਡੀ.ਅਗਰਵਾਲ ਟੋਲ ਪਲਾਜ਼ਾ ਹੈ। ਇੱਥੋਂ ਛੋਟੇ ਅਤੇ ਵੱਡੇ ਵਾਹਨ 24 ਘੰਟੇ ਚੱਲਦੇ ਹਨ।
ਮੋਗਾ ਦੇ ਐਸਐਸਪੀ ਨੇ ਲਿਆ ਜਾਇਜ਼ਾ: ਇਸ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੋਗਾ ਪਹੁੰਚੇ। ਇਸ ਨੂੰ ਵੇਖਦੇ ਹੋਏ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੋਗਾ ਦੇ ਐਸਐਸਪੀ ਵੀ ਪਹੁੰਚੇ। ਹਾਲਾਂਕਿ, ਮੁੱਖ ਮੰਤਰੀ ਵੱਲੋਂ ਟੋਲ ਪਲਾਜ਼ਾ ਬੰਦ ਕਰਵਾਉਣ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਨੂੰ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਗਿਆ। ਜਦੋਂਕਿ ਮੰਗਲਵਾਰ ਸਵੇਰ ਤੋਂ ਹੀ ਏਡੀਸੀ, ਐਸਐਸਪੀ ਐਸਡੀਐਮ ਸਮੇਤ ਜ਼ਿਲ੍ਹੇ ਦੇ ਸਾਰੇ ਸੀਨੀਅਰ ਅਧਿਕਾਰੀ ਅਤੇ ਪੁਲੀਸ ਪ੍ਰਸ਼ਾਸਨ ਟੋਲ ਪਲਾਜ਼ਾ ’ਤੇ ਮੌਜੂਦ ਰਹੇ।
ਦੂਜੇ ਪਾਸੇ ਸਥਾਨਕ ਵਾਸੀ ਅਰਸ਼ ਉਮਰੀਆਣਾ ਨੇ ਗੱਲਾਬਾਤ ਕਰਦਿਆ ਕਿਹਾ ਕਿ ਮਾਨ ਸਰਕਾਰ ਦਾ ਇਹ ਫੈਸਲਾ ਬਹੁਤ ਵਧੀਆ ਹੈ। ਟੋਲ ਪਲਾਜ਼ਾ ਬੰਦ ਹੋਣ ਨਾਲ ਜਿੱਥੇ ਤਾਂ ਮੋਗਾ-ਫ਼ਰੀਦਕੋਟ ਵਾਸੀਆਂ ਨੂੰ ਰਾਹਤ ਮਿਲੇਗੀ, ਉੱਥੇ ਹੀ ਹੋਰਨਾਂ ਸੂਬਿਆਂ ਚੋਂ ਇਧਰ ਆਉਣ ਵਾਲਿਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਮਾਨ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ।
ਮੋਗਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਲੋਕਾਂ ਨੂੰ ਫਾਇਦਾ : ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਚੰਦਪੁਰਾਣਾ ਹਾਈਵੇ ’ਤੇ ਪੀਡੀ ਅਗਰਵਾਲ ਇਨਫਰਾਸਟਰੱਕਚਰ ਲਿਮਟਿਡ ਕੰਪਨੀ ਵੱਲੋਂ 25 ਅਪਰੈਲ 2008 ਨੂੰ ਟੋਲ ਪਲਾਜ਼ਾ ਸ਼ੁਰੂ ਕੀਤਾ ਗਿਆ ਸੀ। 48 ਕਿਲੋਮੀਟਰ ਸੜਕ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਕੰਪਨੀ ਦੀ ਸੀ। ਜਦੋਂ ਕਿ 5 ਕਿਲੋਮੀਟਰ ਦੇ ਆਸ-ਪਾਸ ਦੇ ਖੇਤਰ ਵਿੱਚ ਪ੍ਰਾਈਵੇਟ ਵਾਹਨ ਹਰ ਮਹੀਨੇ 265 ਰੁਪਏ ਵਿੱਚ ਆਪਣੇ ਪਾਸ ਰੀਨਿਊ ਕਰਵਾਉਂਦੇ ਸਨ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਮੋਗਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਜਦਕਿ ਇਸ ਰੂਟ 'ਤੇ ਜੋ ਬੱਸਾਂ ਰੁਟੀਨ 'ਚ ਚਲਦੀਆਂ ਸਨ, ਉਨ੍ਹਾਂ ਨੂੰ ਟੋਲ ਬੰਦ ਹੋਣ ਦਾ ਫਾਇਦਾ ਮਿਲੇਗਾ।
ਬੇਰੁਜ਼ਗਾਰ ਹੋਣਗੇ ਟੋਲ ਪਲਾਜ਼ੇ ਵਾਲੇ ਕਰਮੀ : ਟੋਲ ਪਲਾਜ਼ਾ ਤੋਂ ਰੋਜ਼ਾਨਾ 4 ਤੋਂ 4.5 ਹਜ਼ਾਰ ਵਾਹਨ ਲੰਘਦੇ ਹਨ, 6 ਮਹੀਨੇ ਪਹਿਲਾਂ ਤੱਕ ਇਸ 'ਤੇ ਰੋਜ਼ਾਨਾ 5.40 ਲੱਖ ਰੁਪਏ ਖਰਚ ਆਉਂਦੇ ਸਨ। 3 ਮਹੀਨਿਆਂ 'ਚ 3 ਲੱਖ ਰੁਪਏ 'ਤੇ ਆਇਆ ਮਾਲੀਆ ਪਿਛਲੇ 3 ਦਿਨਾਂ ਤੋਂ 2 ਲੱਖ ਰੁਪਏ 'ਤੇ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟੋਲ ਬੰਦ ਹੋਣ ਨਾਲ 80 ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ।