ਮੋਗਾ: ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾ 14 ਅਗਸਤ ਨੂੰ ਮੋਗਾ ਦੇ ਡੀਸੀ ਦਫ਼ਤਰ 'ਤੇ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਨੂੰ ਲੈ ਕੇ ਦਿੱਲੀ ਪੁਲਿਸ ਨੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਮੋਗਾ ਪੁਲਿਸ ਇਨ੍ਹਾਂ ਫੜੇ ਗਏ ਨੌਜਵਾਨਾਂ ਨੂੰ ਦਿੱਲੀ ਤੋਂ ਮੋਗਾ ਵਾਪਸ ਲੈ ਕੇ ਆ ਰਹੀ ਹੈ। ਮੀਡੀਆ ਨੇ ਕਾਬੂ ਹੋਏ ਨੌਜਵਾਨ ਇੰਦਰਜੀਤ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਇੰਦਰਜੀਤ ਐਮਾਜ਼ਾਨ ਕੰਪਨੀ ਦਾ ਸਮਾਨ ਵੇਚਣ ਦਾ ਕੰਮ ਕਰਦਾ ਸੀ। ਇੰਦਰਜੀਤ ਦੇ ਪਿਤਾ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦਾ ਪੁੱਤ ਇੰਦਰਜੀਤ ਇੱਕ ਚੰਗਾ ਵਿਅਕਤੀ ਅਤੇ ਉਹ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਪਰਿਵਾਰ 'ਚ ਮੌਜੂਦ ਇੰਦਰਜੀਤ ਦੀ ਮਾਂ ਅਤੇ ਭੈਣ ਨੇ ਕਿਹਾ ਕਿ ਕਿਸੇ ਲਾਲਚ 'ਚ ਆ ਕੇ ਇੰਦਰਜੀਤ ਨੇ ਝੰਡਾ ਲਹਿਰਾਉਣ ਦੀ ਗਲਤੀ ਕੀਤੀ ਹੈ।
ਉਨ੍ਹਾਂ ਜਸਪਾਲ ਸਿੰਘ 'ਤੇ ਦੋਸ਼ ਲਾਇਆ ਕਿ ਜਦੋਂ ਤੋਂ ਇੰਦਰਜੀਤ ਜਸਪਾਲ ਨਾਲ ਮਿਲਿਆ ਉਦੋਂ ਤੋਂ ਉਸ ਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ। ਦੱਸ਼ਣਯੋਗ ਹੈ ਕਿ ਦਿੱਲੀ ਪੁਲਿਸ ਨੇ ਜਸਪਾਲ ਸਿੰਘ ਨੂੰ ਝੰਡਾ ਲਹਿਰਾਉਣ ਦੇ ਦੋਸ਼ 'ਚ ਇੰਦਰਜੀਤ ਨਾਲ ਕਾਬੂ ਕੀਤਾ ਹੈ। ਜਗਰਾਜ ਸਿੰਘ ਨੇ ਦੱਸਿਆ ਕਿ ਇੰਦਰਜੀਤ 13 ਅਗਸਤ ਦੀ ਰਾਤ ਨੂੰ ਘਰ ਨਹੀਂ ਆਇਆ ਅਤੇ 14 ਸ਼ਾਮ ਨੂੰ ਘਰ ਦਾ ਸਾਮਾਨ ਲੈ ਕੇ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਜਸਪਾਲ ਸਿੰਘ ਦੇ ਨਾਲ ਰਹਿੰਦਾ ਹੈ ਦੋਵੇਂ ਇਕੱਠੇ ਹੀ ਕੰਮ ਕਰਦੇ ਸਨ। ਜ਼ਿਕਰਯੋਗ ਹੈ ਕਿ ਇੰਦਰਜੀਤ ਦਾ ਛੋਟਾ ਭਰਾ ਵੀ ਕਿਸੇ ਕ੍ਰਿਮੀਨਲ ਕੇਸ ਦੇ ਵਿੱਚ ਫਰਾਰ ਹੈ।
ਫਿਲਹਾਲ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ ਅਤੇ ਪੁੱਛ ਪੜਤਾਲ ਦੌਰਾਨ ਹੀ ਪਤਾ ਲੱਗੇਗਾ ਕਿ ਆਖ਼ਰ ਦੋਵਾਂ ਨੌਜਵਾਨਾਂ ਨੇ ਕਿਸ ਦੇ ਕਹਿਣ ਅਤੇ ਕਿਸ ਦੇ ਲਾਲਚ 'ਚ ਆ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।