ਅੰਮ੍ਰਿਤਸਰ: ਕਰਨਾਟਕ ਵਿੱਚ ਐੱਚਐੱਮਪੀਵੀ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਵੀ ਇਸ ਨੂੰ ਲੈਕੇ ਚਿੰਤਾ ਵੱਧ ਗਈ ਹੈ। ਲੋਕ ਕੋਰੋਨਾ ਵਾਂਗ ਇਸ ਤੋਂ ਵੀ ਕਾਫੀ ਡਰੇ ਹੋਏ ਹਨ। ਜਿਸ ਸੰਬਧੀ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ. ਨਰਿੰਦਰ ਪਾਲ ਸਿੰਘ ਸੀਨੀਅਰ ਕੰਸਲਟੈਂਟ ਸਿਵਲ ਹਸਪਤਾਲ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਹ ਬਿਮਾਰੀ ਨਵੀਂ ਨਹੀਂ ਹੈ। ਇਹ ਵਾਇਰਸ ਸਾਲ 2001 ਵਿਚ ਪਹਿਲੀ ਵਾਰ ਨੀਦਰਲੈਂਡ ਵਿੱਚੋਂ ਲੱਭਿਆ ਗਿਆ ਸੀ ਜੋ ਇਹਨਾਂ ਮਹੀਨਿਆ ਵਿਚ ਅਟੈਕ ਕਰਦਾ ਹੈ।
ਇਸ ਉਮਰ ਦੇ ਲੋਕ ਹੁੰਦੇ ਹਨ ਵੱਧ ਸ਼ਿਕਾਰ
ਡਾ.ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਵਾਇਰਸ ਦੀ ਚਪੇਟ ਵਿੱਚ ਉਹ ਲੋਕ ਆਉਂਦੇ ਹਨ, ਜਿੰਨਾ ਦਾ ਇਮੀਊਂਨਿਟੀ ਸਿਸਟਮ ਘੱਟ ਹੁੰਦਾ ਹੈ। ਇਹ ਵਧੇਰੇ ਤੌਰ 'ਤੇ 5 ਸਾਲ ਤੋਂ ਘਟ ਉਮਰ ਦੇ ਬੱਚਿਆਂ ਵਿੱਚ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਪਾਇਆ ਜਾਂਦਾ ਹੈ। ਖ਼ਾਸ ਕਰਕੇ ਇਹ ਸ਼ੁਗਰ, ਬੀਪੀ, ਹਾਰਟ ਅਤੇ ਹੋਰ ਮੇਜਰ ਬੀਮਾਰੀ ਦੇ ਮਰੀਜਾਂ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਨਰਵਸ ਸਿਸਟਮ 'ਤੇ ਅਟੈਕ ਕਰਕੇ ਮਰੀਜ ਨੂੰ ਪ੍ਰਭਾਵਿਤ ਕਰਦਾ ਹੈ।
ਲੋਕ ਰੱਖਣ ਆਪਣਾ ਧਿਆਨ
ਉਨ੍ਹਾਂ ਕਿਹਾ ਕਿ ਅਜੇ ਇਸ ਵਾਇਰਸ ਦਾ ਕੋਈ ਇਲਾਜ ਨਹੀਂ ਆਇਆ ਹੈ। ਇਸ ਨੂੰ ਆਪਣੇ ਪੱਧਰ 'ਤੇ ਹੀ ਧਿਆਨ ਰੱਖ ਕੇ ਚੱਲਣ ਨਾਲ ਠੀਕ ਕੀਤਾ ਜਾ ਸਕਦਾ ਹੈ। ਜੇਕਰ ਕੋਈ ਇਲਾਜ ਆਇਆ ਤਾਂ ਸਰਕਾਰ ਵੱਲੋਂ ਇਸ ਸਬੰਧੀ ਹਦਾਇਤ ਜਾਰੀ ਕਰ ਦਿੱਤੀ ਜਾਵੇਗੀ। ਜਿਸ ਤੋਂ ਇਸ ਦੇ ਟੈਸਟ ਕਰਵਾਉਣ ਬਾਰੇ ਲੱਛਣ ਪਤਾ ਲੱਗ ਸਕਣਗੇ। ਫਿਲਹਾਲ ਲੋਕ ਆਪਣਾ ਖਿਆਲ ਰੱਖਣ ਅਤੇ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਹੋਣ 'ਤੇ ਚੰਗੇ ਕੰਸਲਟੈਂਟ ਕੋਲ ਇਲਾਜ ਕਰਵਾਉਣ ਲਈ ਜਾਣ ਜਾਂ ਫਿਰ ਸਰਕਾਰੀ ਗੁਰੂ ਨਾਨਕ ਹਸਪਤਾਲ ਵਿਚ ਇਸ ਦਾ ਇਲਾਜ ਅਤੇ ਟੈਸਟ ਕਰਵਾਉਣ।
ਉਹਨਾਂ ਕਿਹਾ ਕਿ ਖਾਸਕਰ ਬਜ਼ੁਰਗਾਂ ਨੂੰ ਇਸ ਦੀ ਚਪੇਟ ਤੋਂ ਬਚਣ ਦੀ ਲੋੜ ਹੈ। ਡਾ.ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਨੂੰ ਭੀੜ ਭਾੜ ਵਾਲੇ ਇਲਾਕੇ, ਠੰਡ ਨਾਲ ਪ੍ਰਭਾਵਿਤ ਇਲਾਕੇ ਅਤੇ ਹੋਰ ਅਨਹਾਇਜੀਨਕ ਜਗਾ ਤੋਂ ਜਾਣ ਤੋਂ ਪਰਹੇਜ਼ ਕਰਨ ਦੀ ਲੋੜ ਹੈ।