ਮੋਗਾ : ਮੋਗਾ ਦੇ ਕਸਬਾ ਕੋਟ-ਇਸੇ-ਖਾਂ ਵਿਖੇ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ ਸੀ, ਉੱਥੇ ਦੁਕਾਨ ਬੰਦ ਕਰਵਾਉਣ ਆਏ ਇੱਕ ਨਿਹੰਗ ਸਿੰਘ ਤੇ ਦੁਕਾਨਦਾਰ ਨੇ ਗੋਲੀ ਮਾਰ ਦਿੱਤੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਸਖਸ਼ ਨੇ ਆਪਣੇ ਆਪ ਨੂੰ ਸਰੰਡਰ ਕਰ ਦਿੱਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਗੁਰਪ੍ਰੀਤ ਸਿੰਘ ਦੀ ਜ਼ਖਮੀ ਹੋਏ ਨਿਹੰਗ ਸਿੰਘ ਨਾਲ ਪੁਰਾਣੀ ਰੰਜਿਸ਼ ਸੀ। ਉਹਨਾਂ ਕਿਹਾ ਕਿ ਨਿਹੰਗ ਬਲਵੰਤ ਸਿੰਘ ਨੂੰ ਡੀਐੱਮਸੀ ਰੈਫਰ ਕਰ ਦਿੱਤਾ ਸੀ ਅਤੇ ਉਸਦੀ ਹਾਲਤ ਹੁਣ ਸਥਿਰ ਹੈ। ਗੁਰਪ੍ਰੀਤ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 307 ਅਤੇ ਅਰਮਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਤੱਖਦਰਸ਼ੀ ਨੇ ਦੱਸੀ ਸੀ ਸਾਰੀ ਕਹਾਣੀ: ਇਸ ਸਾਰੀ ਘਟਨਾ ਬਾਰੇ ਦੱਸਦਿਆਂ ਪ੍ਰਦਰਸ਼ਨ ਦੌਰਾਨ ਬੰਦ ਦੀ ਕਾਲ ਵਿੱਚ ਸ਼ਾਮਿਲ ਸ਼ਖ਼ਸ ਨੇ ਦੱਸਿਆ ਸੀ ਕਿ ਉਹ ਇੱਕ ਦੁਕਾਨਦਾਰ ਕੋਲ ਦੁਕਾਨ ਬੰਦ ਕਰਨ ਦੀ ਅਪੀਲ ਕਰਨ ਲਈ ਗਏ ਅਤੇ ਮਣੀਪੁਰ ਦੀ ਘਟਨਾ ਦਾ ਹਵਾਲਾ ਦਿੱਤਾ। ਇਸ ਦੌਰਾਨ ਦੁਕਾਨਦਾਰ ਬਿੱਲਾ ਨੇ ਕਿਹਾ ਕਿ ਉਹ ਪੰਜਾਬੀ ਹੈ ਉਸ ਦਾ ਭਾਰਤ ਜਾਂ ਮਣੀਪੁਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਉਹ ਦੁਕਾਨ ਬੰਦ ਨਹੀਂ ਕਰੇਗਾ। ਇੰਨੀ ਦੇਰ ਨੂੰ ਉਹ ਉੱਚੀ-ਉੱਚੀ ਬੋਲਣ ਲੱਗਾ ਅਤੇ ਉਸ ਨੇ ਪਹਿਲਾਂ ਦੋ ਹਵਾਈ ਫਾਇਰ ਕੀਤੇ ਅਤੇ ਤੀਜਾ ਫਾਇਰ ਸਿੱਧਾ ਨਿਹੰਗ ਬਲਦੇਵ ਸਿੰਘ ਦੀ ਛਾਤੀ ਵਿੱਚ ਮਾਰਿਆ ਜਿਸ ਕਾਰਣ ਉਹ ਗੰਭੀਰ ਜ਼ਖ਼ਮੀ ਹੋ ਗਏ। ਪ੍ਰਤੱਖਦਰਸ਼ੀ ਨੇ ਕਿਹਾ ਕਿ ਅਜਿਹੀ ਛੋਟੀ ਸੋਚ ਦੇ ਮਾਲਿਕ ਲੋਕਾਂ ਨੂੰ ਹਥਿਆਰ ਸਰਕਾਰ ਵੱਲੋਂ ਨਹੀਂ ਦਿੱਤੇ ਜਾਣੇ ਚਾਹੀਦੇ । ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮ ਦੇ ਰਿਵਾਲਵਰ ਦਾ ਲਾਈਸੰਸ ਰੱਦ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਉਸ ਨੂੰ ਦਿੱਤੀ ਜਾਵੇ।
ਪੁਲਿਸ ਨੇ ਦਿੱਤਾ ਸੀ ਕਾਰਵਾਈ ਦਾ ਭਰੋਸਾ: ਦੱਸ ਦਈਏ ਬੰਦ ਦੌਰਾਨ ਜਿੱਥੇ ਬਾਕੀ ਜ਼ਿਲ੍ਹਿਆਂ ਦੀ ਪੁਲਿਸ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਮੁਸਤੈਦ ਵਿਖਾਈ ਦੇ ਰਹੀ ਹੈ ਉੱਥੇ ਹੀ ਮੋਗਾ ਵਿੱਚ ਪੁਲਿਸ ਦੀ ਸੁਸਤ ਰਫਤਾਰੀ ਕਾਰਣ ਇਹ ਹਾਦਸਾ ਦਿਨ-ਦਿਹਾੜੇ ਵਾਪਰ ਗਿਆ। ਦੂਜੇ ਪਾਸੇ ਜਾਂਚ ਅਫਸਰ ਦਾ ਕਹਿਣਾ ਹੈ ਕਿ ਬਲਦੇਵ ਸਿੰਘ ਨਾਮ ਦੇ ਸ਼ਖ਼ਸ ਦੀ ਛਾਤੀ ਵਿੱਚ ਗੋਲੀ ਲੱਗੀ ਹੈ, ਜਿਸ ਦੀ ਹਾਲਤ ਗੰਭੀਰ ਹੈ। ਇਸ ਤੋਂ ਇਲਾਵਾ ਸ਼ਖ਼ਸ ਦੀ ਹਾਲਤ ਸਬੰਧੀ ਜ਼ਿਆਦਾ ਡਾਕਟਰ ਹੀ ਦੱਸ ਸਕਦੇ ਨੇ। ਨਾਲ ਹੀ ਉਨ੍ਹਾਂ ਕਿਹਾ ਕਿ ਗੋਲੀ ਦਾਗਣ ਵਾਲੇ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।