ਮੋਗਾ: ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਕੈਨੇਡਾ ਇਕਾਈ ਵੱਲੋਂ ਫਰੀਡਮ ਫਾਈਟਰ ਭਵਨ ਸ਼ਹੀਦ ਭਗਤ ਸਿੰਘ ਮਾਰਕੀਟ ਮੋਗਾ (Freedom Fighter Bhawan Shaheed Bhagat Singh Market Moga) ਵਿਖੇ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਭਾਈਚਾਰੇ ਦੀਆਂ ਇਕਾਈਆਂ ਦੇ ਮੈਂਬਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਪੰਜਾਬੀ ਮਾਂ ਬੋਲੀ ਦੀ ਬਿਹਤਰੀਨ ਸੇਵਾਵਾਂ ਕਰਨ ਬਦਲੇ ਮੋਗਾ ਇਕਾਈ ਦੇ ਸੰਚਾਲਕ ਮਹਿੰਦਰ ਪਾਲ ਲੂੰਬਾ, ਉਘੀ ਲੇਖਿਕਾ ਦਵਿੰਦਰ ਕੌਰ ਸੈਣੀ ਅਤੇ ਸੰਗਰੂਰ ਇਕਾਈ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਮਾਂ ਬੋਲੀ ਸਬੰਧੀ ਗੀਤ ਅਤੇ ਕਵਿਤਾਵਾਂ (Songs and poems related to Punjabi mother tongue) ਪੇਸ਼ ਕੀਤੀਆਂ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੈਨੇਡਾ ਇਕਾਈ ਦੇ ਸੰਚਾਲਕ ਕੁਲਦੀਪ ਸਿੰਘ ਨੇ ਕੈਨੇਡਾ ਇਕਾਈ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੀਆਂ ਗਈਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਮਾਂ ਬੋਲੀ ਨੂੰ ਬਚਾਉਣ ਲਈ ਆਪੋ ਆਪਣਾ ਯੋਗਦਾਨ ਪਾਉਣਾ ਪਵੇਗਾ, ਨਹੀਂ ਤਾਂ ਮਾਹਿਰਾਂ ਅਨੁਸਾਰ ਅਗਲੇ 30 ਸਾਲਾਂ ਵਿੱਚ ਪੰਜਾਬੀ ਭਾਸ਼ਾ ਖਤਮ ਹੋ ਜਾਵੇਗੀ। ਇਸ ਲਈ ਸਾਨੂੰ ਆਪਣੇ ਬੱਚਿਆਂ ਨਾਲ ਅਤੇ ਪਰਿਵਾਰ ਨਾਲ ਗੱਲਬਾਤ ਪੰਜਾਬੀ ਵਿੱਚ ਕਰਨੀ ਚਾਹੀਦੀ ਹੈ ਅਤੇ ਪੰਜਾਬੀ ਬੋਲਣ ਵਿੱਚ ਸਾਨੂੰ ਫਖਰ ਮਹਿਸੂਸ ਕਰਨਾ ਚਾਹੀਦਾ ਹੈ।
ਇਸ ਮੌਕੇ ਸੰਚਾਲਕ ਕਿਰਪਾਲ ਸਿੰਘ ਗਰਚਾ ਨੇ ਕਿਹਾ ਕਿ ਸਾਡੀ ਪੰਜਾਬੀਆਂ ਦੀ ਇਹ ਤ੍ਰਾਸਦੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਪ੍ਰਤੀ ਸਮਰਪਿਤ ਨਹੀਂ ਹਾਂ, ਇਸੇ ਕਰਕੇ ਸਾਡੇ ਸਾਹਮਣੇ ਹੀ ਅੰਗਰੇਜ਼ੀ ਸਕੂਲ, ਸਰਕਾਰੀ ਅਤੇ ਪ੍ਰਾਈਵੇਟ ਮਹਿਕਮਿਆਂ ਦੇ ਦਫ਼ਤਰ ਅਤੇ ਅਫ਼ਸਰ ਸ਼ਰੇਆਮ ਸਾਡੀ ਮਾਂ ਬੋਲੀ ਦਾ ਅਪਮਾਨ ਕਰ ਰਹੇ ਹਨ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਅਸੀਂ ਸਭ ਕੁਝ ਦੇਖਦੇ ਹੋਏ ਵੀ ਕੁੱਝ ਨਹੀਂ ਬੋਲ ਰਹੇ।
ਇਸ ਮੌਕੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਅਸੀਂ ਕਾਨਫਰੰਸਾਂ ਬਹੁਤ ਕਰ ਲਈਆਂ, ਹੁਣ ਵੇਲਾ ਕੁੱਝ ਕਰਨ ਦਾ ਹੈ। ਮੇਰੇ ‘ਤੇ ਬੋਰਡਾਂ ‘ਤੇ ਕਾਲਖ ਮਲਣ ਬਦਲੇ ਮੇਰੇ ਤੇ 16 ਪਰਚੇ ਦਰਜ ਹੋਏ ਹਨ ਅਤੇ ਮੈਂ ਸਾਢੇ ਤਿੰਨ ਮਹੀਨੇ ਜੇਲ੍ਹ ਵਿੱਚ ਵੀ ਰਿਹਾ ਹਾਂ। ਮੈਂ ਹੁਣ ਵੀ ਹਰ ਕੁਰਬਾਨੀ ਲਈ ਤਿਆਰ ਹਾਂ। ਇਸ ਲਈ ਅਸੀਂ ਜ਼ਿਲ੍ਹਾਂ ਟੀਮਾਂ ਤਿਆਰ ਕਰ ਰਹੇ ਹਾਂ ਤੇ ਬਹੁਤ ਜਲਦ ਪੰਜਾਬੀ ਭਾਸ਼ਾ ਨੂੰ ਲਾਗੂ ਨਾ ਕਰਨ ਵਾਲੇ ਸਕੂਲਾਂ, ਦਫ਼ਤਰਾਂ ਅਤੇ ਅਫ਼ਸਰਾਂ ਦਾ ਘਿਰਾਓ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਕੁਲਵਿੰਦਰ ਸਿੰਘ ਸਿੱਧੂ ਅਤੇ ਡਾਕਟਰ ਨਿਰਮਲ ਸਿੰਘ ਲਾਂਬੜਾ ਨੇ ਕਿਹਾ ਕਿ ਅਸੀਂ ਪੰਜਾਬ ਅੰਦਰ ਵੱਧ ਤੋਂ ਵੱਧ ਲਾਇਬ੍ਰੇਰੀਆਂ ਸਥਾਪਿਤ ਕਰਨ ਲਈ ਹਰ ਸਹਿਯੋਗ ਕਰਨ ਲਈ ਤਿਆਰ ਹਾਂ ਤੇ ਵੱਡੀ ਪੱਧਰ ਤੇ ਪੰਜਾਬੀ ਸਾਹਿਤ ਨੂੰ ਛਾਪ ਕੇ ਵੰਡਿਆ ਜਾ ਰਿਹਾ ਹੈ। ਇਸ ਮੌਕੇ ਉਘੇ ਸਾਹਿਤਕਾਰ, ਵਕੀਲ ਅਤੇ ਪੰਜਾਬ ਇਕਾਈ ਦੇ ਸੰਚਾਲਕ ਮਿੱਤਰਸੇਨ ਮੀਤ ਨੇ ਪੰਜਾਬੀ ਰਾਜ ਭਾਸ਼ਾ ਐਕਟ ਅਤੇ ਹੋਰ ਕਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਬਹੁਤ ਜਲਦ ਇਸ ਮੁਹਿੰਮ ਨੂੰ ਵੱਡੇ ਪੱਧਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਤੇ ਸੂਬਾ ਇਕਾਈ ਜਿਲ੍ਹਾ ਇਕਾਈਆਂ ਨੂੰ ਨਿਰਦੇਸ਼ ਜਾਰੀ ਕਰੇਗੀ।
ਇਹ ਵੀ ਪੜ੍ਹੋ: Love horoscope: ਨਵੇਂ ਰਿਸ਼ਤੇ ਦੀ ਹੋਵੇਗੀ ਸ਼ੁਰੂਆਤ, ਜਾਣੋ ਕਿਹੋ ਜਿਹੀ ਰਹੇਗੀ ਅੱਜ ਤੁਹਾਡੀ ਲਵ ਲਾਈਫ