ਮੋਗਾ: ਸਿਵਲ ਸਰਜਨ ਮੋਗਾ ਵੱਲੋਂ ਬਣਾਈ ਗਈ 6 ਮੈਂਬਰੀ ਟੀਮ ਵੱਲੋਂ ਪੰਜਾਬ ਰੋਡਵੇਜ਼ ਮੋਗਾ ਦੀ ਵਰਕਸ਼ਾਪ ਅਤੇ ਫੋਕਲ ਪੁਆਇੰਟ ਮੋਗਾ ਵਿੱਚ ਫੈਕਟਰੀਆਂ ਅਤੇ ਸੜਕਾਂ ਤੇ ਖੜ੍ਹੇ ਸਾਫ ਪਾਣੀ ਦੀ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਨੂੰ ਸੱਤ ਜਗ੍ਹਾ ਤੇ ਡੇਂਗੂ ਅਤੇ ਕਿਊਲੈਕਸ ਲਾਰਵਾ ਬਰਾਮਦ ਹੋਇਆ, ਜਿਸ ਨੂੰ ਮੌਕੇ ਤੇ ਹੀ ਟੀਮ ਵੱਲੋਂ ਲਾਰਵੀਸਾਈਡ ਪਾਊਡਰ ਅਤੇ ਟੈਮੀਫਾਸ ਦਾ ਛਿੜਕਾਅ ਕਰਕੇ ਨਸ਼ਟ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਪੰਜਾਬ ਰੋਡਵੇਜ ਮੋਗਾ ਵਿੱਚ ਸਿਹਤ ਵਿਭਾਗ ਮੋਗਾ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਸਾਰੇ ਟਾਇਰ ਵਗੈਰਾ ਚੁਕਵਾ ਦਿੱਤੇ ਹਨ ਤੇ ਵੱਡੀ ਪੱਧਰ ਤੇ ਸੋਰਸ ਰਿਡਕਸ਼ਨ ਹੋ ਚੁੱਕੀ ਹੈ, ਜਿਸ ਨਾਲ ਸਫਾਈ ਦੀ ਹਾਲਤ ਵਿਚ ਕਾਫੀ ਸੁਧਾਰ ਆਇਆ ਹੈ ਪਰ ਫੋਕਲ ਪੁਆਇੰਟ ਮੋਗਾ ਵਿੱਚ ਸੜਕਾਂ ਤੇ ਜਗ੍ਹਾ ਜਗ੍ਹਾ ਸਾਫ ਪਾਣੀ ਖੜ੍ਹਾ ਹੈ ਅਤੇ ਸੀ-2 ਦੇ ਅੱਗੇ ਸੀਵਰੇਜ ਓਵਰਫਲੋ ਹੋ ਰਿਹਾ ਹੈ, ਜਿਸ ਬਾਰੇ ਨਗਰ ਨਿਗਮ ਨੂੰ ਲਿਖਤੀ ਤੌਰ ਤੇ ਸੂਚਿਤ ਕਰਕੇ ਤੁਰੰਤ ਪ੍ਰਭਾਵੀ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਇਹ ਵੀ ਪੜੋ: ਹੈਰਾਨੀਜਨਕ ! ਚੋਰਾਂ ਨੇ 66 ਕੇਵੀ ਵਾਲੇ ਵੱਡੇ ਟਾਵਰਾਂ ਨੂੰ ਬਣਾਇਆ ਨਿਸ਼ਾਨਾ, ਵਾਰਦਾਤ ਦੌਰਾਨ ਡਿੱਗੇ...
ਇਸ ਤੋਂ ਇਲਾਵਾ ਫੋਕਲ ਪੁਆਇੰਟ ਮੋਗਾ ਵਿੱਚ ਟਾਇਰਾਂ ਦੇ ਵੱਡੇ ਢੇਰ ਮਿਲੇ ਹਨ ਜੇਕਰ ਬਰਸਾਤ ਹੁੰਦੀ ਹੈ ਤਾਂ ਇਸ ਵਿੱਚ ਸਾਫ ਪਾਣੀ ਦੀ ਖੜੋਤ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਫੈਕਟਰੀ ਮਾਲਕਾਂ ਨੂੰ ਉਚਿਤ ਕਦਮ ਉਠਾਉਣ ਕਿਹਾ ਗਿਆ ਹੈ। ਉਹਨਾਂ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਅ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦਿਨ ਵੇਲੇ ਪੂਰੇ ਸਰੀਰ ਨੂੰ ਢਕ ਕੇ ਰੱਖਿਆ ਜਾਵੇ ਅਤੇ ਸਿੱਲ੍ਹੇ ਕਮਰਿਆਂ ਵਿੱਚ ਬੈਠਣ ਤੋਂ ਪ੍ਰਹੇਜ ਕੀਤਾ ਜਾਵੇ ਅਤੇ ਮੱਛਰ ਭਜਾਉ ਕਰੀਮਾ, ਤੇਲਾਂ ਅਤੇ ਮੱਛਰ ਦਾਨੀਆਂ ਦਾ ਇਸਤੇਮਾਲ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਹਰ ਸ਼ੁਕਰਵਾਰ ਨੂੰ ਸਿਹਤ ਵਿਭਾਗ ਮੋਗਾ ਵੱਲੋਂ ਫ੍ਰਾਈਡੇ ਡ੍ਰਾਈਡੇ ਮਨਾਇਆ ਜਾਂਦਾ ਹੈ, ਇਸ ਲਈ ਹਰ ਸ਼ੁਕਰਵਾਰ ਘਰਾਂ, ਫੈਕਟਰੀਆਂ ਅਤੇ ਦੁਕਾਨਾਂ ਵਿੱਚ ਮੌਜੂਦ ਸਾਫ ਪਾਣੀ ਵਾਲੇ ਸਰੋਤਾਂ ਜਿਵੇਂ ਕੂਲਰਾਂ, ਫਰਿੱਜ ਦੀਆਂ ਟ੍ਰੇਆਂ, ਪਾਣੀ ਵਾਲੀਆਂ ਟੈਂਕੀਆਂ ਡਰੰਮਾਂ ਅਤੇ ਬਾਲਟੀਆਂ ਆਦਿ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾਇਆ ਜਾਵੇ।
ਉਹਨਾਂ ਦੱਸਿਆ ਕਿ ਡੇਂਗੂ ਇੱਕ ਖਤਰਨਾਕ ਬਿਮਾਰੀ ਹੈ ਜੋ ਜਾਨਲੇਵਾ ਸਿੱਧ ਹੋ ਸਕਦੀ ਹੈ ਇਸ ਲਈ ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਅਤਿ ਜਰੂਰੀ ਹਨ, ਅਣਗਹਿਲੀ ਵਰਤਣ ਵਾਲਿਆਂ ਦੇ ਸਿਹਤ ਵਿਭਾਗ ਮੋਗਾ ਵੱਲੋਂ ਕਾਰਪੋਰੇਸ਼ਨ ਦੀ ਟੀਮ ਨਾਲ ਸਾਂਝੇ ਤੌਰ ਤੇ ਚਲਾਨ ਕੱਟੇ ਜਾਣਗੇ। ਇਸ ਟੀਮ ਵਿਚ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਤੋਂ ਇਲਾਵਾ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਮਲਟੀਪਰਪਜ ਹੈਲਥ ਵਰਕਰ ਸਰਬਜੀਤ ਸਿੰਘ ਅਤੇ ਤਿੰਨ ਬ੍ਰੀਡ ਚੈਕਰ ਸ਼ਾਮਲ ਸਨ।
ਇਹ ਵੀ ਪੜੋ: ਜੇਲ੍ਹ ਪਹੁੰਚੇ ਸਿੱਧੂ, ਪਟਿਆਲਾ ਜੇਲ੍ਹ ’ਚ ਕੱਟੀ ਪਹਿਲੀ ਰਾਤ