ਮੋਗਾ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election) ਨੂੰ ਲੈਕੇ ਸਿਆਸੀ ਪਾਰਟੀਆਂ ਵੱਲੋਂ ਵੱਡੇ ਪੱਧਰ ‘ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਸੇ ਤਹਿਤ ਮੋਗਾ ਤੋਂ ਕਾਂਗਰਸ ਦੀ ਉਮੀਦਵਾਰ (Congress candidate from Moga) ਮਾਲਵਿਕਾ ਸੂਦ ਨੇ ਵੀ ਮੋਗਾ ਵਿੱਚ 'ਹਿੱਟ ਮੋਗਾ, ਫਿੱਟ ਮੋਗਾ' ('Hit Moga, Fit Moga') ਤਹਿਤ ਇੱਕ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਹਲਕੇ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਮੋਗਾ ਵਿਖੇ ਸਮੁੱਚੇ ਮੋਗਾ ਦੀ ਫਿੱਟਨੈੱਸ ਇੰਡਸਟਰੀ ਵੱਲੋਂ ਨਰੋਏ ਮੋਗੇ ਦੀ ਸਿਰਜਣਾ ਲਈ ਮੋਗੇ ਦੀ ਜਗਤ ਮਸ਼ਹੂਰ ਹਸਤੀ ਬਾਲੀਵੁੱਡ ਸੁਪਰਸਟਾਰ ਸੋਨੂੰ ਸੂਦ ਵੀ ਇਸ ਰੈਲੀ ਦਾ ਹਿੱਸਾ ਬਣੇ।
ਇਸ ਮੌਕੇ ਨਰੋਏ ਮੋਗੇ ਦੀ ਸਿਰਜਣਾ ਲਈ ਸਮੂਹ ਫਿੱਟਨੈੱਸ ਮਾਹਰਾਂ ਨੇ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਦੀ ਅਗਵਾਈ ਵਿੱਚ ਚੋਖਾ ਕਾਂਪਲੈਕਸ ਵਿਖੇ ਵਿਸ਼ਾਲ ਇਕੱਠ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਿਹਤ ਦਾ ਧਿਆਨ ਰੱਖਣ ਲਈ, ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਦੇ ਵੱਖ-ਵੱਖ ਹਿੱਸਿਆਂ ਤੋਂ, ਪਿੰਡਾਂ ਤੋਂ, ਸ਼ਹਿਰਾਂ ਤੋਂ ਸਰੀਰਕ ਫਿੱਟਨੈੱਸ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਹਾਜ਼ਰੀ ਭਰਨ ਆਏ ਅਤੇ ਇੱਕ ਵਿਸ਼ਾਲ ਜਨ ਸੈਲਾਬ ਵੇਖਣ ਨੂੰ ਮਿਲਿਆ। ਫਿੱਟਨੈੱਸ ਮਾਹਰਾਂ ਦੀ ਹਾਜ਼ਰੀ ਨਾਲ ਮੋਗਾ ਹਲਕੇ ਦੇ ਨੌਜਵਾਨਾਂ ਵਿੱਚ ਜੋਸ਼ ਵੇਖਣ ਨੂੰ ਮਿਲਿਆ।
ਇਸ ਮੌਕੇ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨੇ ਕਿਹਾ ਕਿ ਮੋਗਾ ਹਲਕੇ ਵਿੱਚ ਵਿਕਾਸ ਦੇ ਨਾਲ-ਨਾਲ ਸਿਹਤਯਾਬ ਅਤੇ ਨਰੋਏ ਸਮਾਜ ਦੀ ਸਿਰਜਣਾ ਵੀ ਬਹੁਤ ਜ਼ਰੂਰੀ ਹੈ। ਸਿਹਤ ਹਰ ਇਨਸਾਨ ਦਾ ਅਨਮੋਲ ਖ਼ਜ਼ਾਨਾ ਹੈ ਜਿਸ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ।
ਸਮਾਗਮ ਦੀ ਸਮਾਪਤੀ ਉਪਰੰਤ ਮਾਲਵਿਕਾ ਸੂਦ ਅਤੇ ਸੋਨੂੰ ਸੂਦ ਨੇ ਮੋਗਾ ਹਲਕੇ ਵਿੱਚ ਚੋਣ ਪ੍ਰਚਾਰ ਲਈ ਬਹੁਤ ਹੀ ਜ਼ਬਰਦਸਤ ਬਾਈਕ ਰੈਲੀ, ਰੋਡ ਸ਼ੋਅ ਕੱਢਿਆ ,ਜਿਸ ਨੂੰ ਇੰਨਾ ਜਬਰਦਸਤ ਹੁੰਗਾਰਾ ਮਿਲਿਆ ਕਿ ਹਜ਼ਾਰਾਂ ਹੀ ਲੋਕਾਂ ਦਾ ਵਿਸ਼ਾਲ ਸੈਲਾਬ ਗੱਡੀਆਂ, ਮੋਟਰਸਾਈਕਲਾਂ 'ਤੇ ਸੂਦ ਭੈਣ ਭਰਾ ਮਗਰ ਚੱਲਣ ਲੱਗ ਪਿਆ।
ਇਸ ਮੌਕੇ ਮਾਲਵਿਕਾ ਸੂਦ ਦੀ ਰਹਿਨੁਮਾਈ ਹੇਠ ਮੋਗਾ ਹਲਕੇ ਦੇ ਸਮੂਹ ਕਾਂਗਰਸ ਵਰਕਰ, ਆਗੂ ਅਤੇ ਹਮਾਇਤੀ ਹਾਜ਼ਰ ਸਨ। ਮਾਲਵਿਕਾ ਸੂਦ ਨੇ ਦੱਸਿਆ ਕਿ ਇੰਨਾ ਵੱਡਾ ਜਨ ਸੈਲਾਬ ਲੋਕਾਂ ਵਿੱਚ ਸਾਡੇ 'ਤੇ ਅਥਾਹ ਪਿਆਰ, ਵਿਸ਼ਵਾਸ ਅਤੇ ਅਸ਼ੀਰਵਾਦ ਦਾ ਪ੍ਰਗਟਾਅ ਕਰ ਰਿਹਾ ਹੈ।
ਇਹ ਵੀ ਪੜ੍ਹੋ:ਅਮਿਤ ਸ਼ਾਹ ਨੇ ਪੰਜਾਬ ਫੇਰੀ ਦੌਰਾਨ ਸੁਰੱਖਿਆ ਨੂੰ ਲੈ ਕੇ ਫਿਰ ਉਠਾਏ ਸਵਾਲ