ਮੋਗਾ: ਸ਼ਹਿਰ ਦੇ ਜਵਾਹਰ ਨਗਰ ਵਿਖੇ ਸਥਿਤ 8 ਨੰਬਰ ਗਲੀ ਦੇ ਵਸਨੀਕ ਇੱਕ ਪ੍ਰਾਪਰਟੀ ਡੀਲਰ ਨੇ ਪੈਸਿਆਂ ਦੇ ਲੈਣ ਦੇਣ ਤੋਂ ਦੁਖੀ ਹੋ ਕੇ ਆਪਣੇ ਘਰ ਵਿੱਚ ਹੀ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ 4 ਲੋਕਾਂ 'ਤੇ ਖੁਦਕੁਸ਼ੀ ਨੂੰ ਮਜਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਚਾਰੋਂ ਮੁਲਜ਼ਮ ਮੌਕੇ ਤੋਂ ਫਰਾਰ ਹਨ।
ਜਾਣਕਾਰੀ ਦੇ ਮੁਤਾਬਕ ਜਵਾਹਰ ਨਗਰ ਨਿਵਾਸੀ ਸੁਨੀਲ ਗੋਇਲ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਹ ਆਪਣੇ ਕਾਰੋਬਾਰੀ ਸਾਥੀਆਂ ਤੋਂ ਦੁਖੀ ਚੱਲ ਰਿਹਾ ਸੀ, ਜਿਸ ਦੇ ਚੱਲਦੇ ਬੀਤੀ 3 ਨਵੰਬਰ ਨੂੰ ਸੁਨੀਲ ਗੋਇਲ ਨੇ ਆਪਣੇ ਘਰ ਵਿੱਚ ਹੀ ਕੀਟਨਾਸ਼ਕ ਦਵਾਈ ਨਿਗਲ ਲਈ। ਹਾਲਤ ਖ਼ਰਾਬ ਹੋਣ 'ਤੇ ਉਸ ਨੂੰ ਲੁਧਿਆਣਾ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬੀਤੀ ਸ਼ਾਮ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਸ਼ਾਇਨਾ ਗੋਇਲ ਦੇ ਬਿਆਨਾਂ 'ਤੇ ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਮ੍ਰਿਤਕ ਦੇ ਸਕੇ ਮਾਮੇ ਸਣੇ ਚਾਰ ਕਾਰੋਬਾਰੀ ਸਾਥੀਆਂ ਦੇ ਵਿਰੁੱਧ ਖੁਦਕੁਸ਼ੀ ਨੂੰ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰ ਲਿਆ।
ਦੋਸ਼ੀਆਂ ਦੀ ਤਲਾਸ਼ 'ਚ ਜੁਟੀ ਪੁਲਿਸ ਥਾਣਾ ਸਿਟੀ ਸਾਊਥ ਦੇ ਸਬ ਇੰਸਪੈਕਟਰ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਸੁਨੀਲ ਗੋਇਲ ਦੀ ਪਤਨੀ ਸ਼ਾਇਨਾ ਗੋਇਲ ਦੇ ਬਿਆਨਾਂ 'ਤੇ ਉਸ ਦੇ ਸਕੇ ਮਾਮੇ ਪਵਨ ਕੁਮਾਰ ਮਿੱਤਲ ਸਮੇਤ ਉਸ ਦੇ ਕਾਰੋਬਾਰੀ ਸਾਥੀ ਦੀਪਕ ਬੇਦੀ, ਅਮਨ ਤਾਇਲ ਅਤੇ ਮਨੋਜ ਗੁਲਾਟੀ ਨਿਵਾਸੀ ਮੋਗਾ ਦੇ ਵਿਰੁੱਧ ਖ਼ੁਦਕੁਸ਼ੀ ਕਰਨ ਦੇ ਦੋਸ਼ ਵਿੱਚ ਧਾਰਾ 306 ਦੇ ਤਹਿਤ ਕੇਸ ਦਰਜ ਕਰ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।