ਮੋਗਾ: ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਸਮੂਹ ਐੱਸ ਡੀ ਐੱਮਜ਼ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਜ਼ਮੀਨੀ ਮਾਲੀਏ ਦੀ ਰਿਕਵਰੀ, ਪਟੀਸ਼ਨ ਕੇਸ, 6 ਮਹੀਨਿਆਂ ਤੋਂ ਪੈਡਿੰਗ ਪਈਆਂ ਇੰਨਕੁਆਇਰੀਆਂ, ਰੈਵੀਨਿਊ ਲੋਕ ਅਦਾਲਤਾਂ, ਸਪੈਸ਼ਲ ਗਿਰਦਾਵਰੀਆਂ ਆਦਿ ਦੇ ਪੈਡਿੰਗ ਪਏ ਕੇਸਾਂ ਬਾਰੇ ਰੀਵਿਊ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਤਹਿਸੀਲਦਾਰਾਂ ਨੂੰ ਵੱਖ ਵੱਖ ਪੱਧਰ 'ਤੇ ਪੈਡਿੰਗ ਪਏ ਇੰਤਕਾਲਾਂ ਨੂੰ ਬਿਨ੍ਹਾਂ ਦੇਰੀ ਨਿਪਟਾਉਣ ਦੇ ਆਦੇਸ਼ ਜਾਰੀ ਕੀਤੇ।
ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਅਗਾਮੀ ਮੌਨਸੂਨ ਸੀਜ਼ਨ ਦੌਰਾਨ ਪੈਦਾ ਹੋਣ ਵਾਲੀਆਂ ਡੇਂਗੂ ਅਤੇ ਮਲੇਰੀਆ ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਅਗਾਊਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ।
ਇਸ ਤੋਂ ਇਲਾਵਾ ਕਰੋਨਾ ਵੈਕਸੀਨੇਸ਼ਨ, ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਡਰੱਗ ਡੀ ਐਡੀਕਸ਼ਨ ਸੈਂਟਰਾਂ, ਨੈਸ਼ਨਲ ਵਾਈਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ, ਇੰਸਟੀਚਿਊਸ਼ਨਲ ਡਿਲੀਵਰੀਜ਼, ਮੈਟਰਨਲ ਚਾਈਲਡ ਹੈਲਥ, ਜਨਨੀ ਸੁਰੱਖਿਆ ਯੋਜਨਾ ਆਦਿ ਬਾਰੇ ਵੀ ਰੀਵਿਊ ਕੀਤਾ ਗਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਨਨੀ ਸੁਰੱਖਿਆ ਯੋਜਨਾ ਤਹਿਤ ਵੱਧ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਮੋਗਾ ਵਿੱਚ ਹੁਣ ਲੋੜ੍ਹ ਮੁਤਾਬਕ ਬੈਡ ਕੋਵਿਡ ਮਰੀਜਾਂ ਲਈ ਉਪਲਬਧ ਹਨ। ਦੋ ਪੀ.ਐਸ.ਏ. ਪਲਾਂਟ ਵੀ ਚਾਲੂ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਸੀ.ਟੀ. ਸਕੈਨ ਦੀ ਸੁਵਿਧਾ ਵੀ ਉਪਲੱਬਧ ਹੋ ਗਈ ਹੈ।
ਉਕਤ ਤੋਂ ਇਲਾਵਾ ਅਗਾਮੀ ਮੌਨਸੂਨ ਸੀਜ਼ਨ ਦੌਰਾਨ ਹੜ੍ਹਾਂ ਵਰਗੀ ਸਥਿਤੀ ਤੋਂ ਬਚਣ ਲਈ ਹਰ ਸੰਭਵ ਉਪਰਾਲੇ ਕਰਨ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਘੇੜੇ ਤੋਂ ਸ਼ੇਰੇਵਾਲਾ ਤੱਕ ਲੇਬਰ ਦੀ ਸਹਾਇਤਾ ਨਾਲ ਦਰਿਆ ਦੀ ਸਫਾਈ ਤੁਰੰਤ ਕਰਵਾਈ ਜਾਵੇ। ਮਗਨਰੇਗਾ ਰਾਹੀਂ ਜੋ ਡਰੇਨਾਂ ਦੀ ਸਫ਼ਾਈ ਚੱਲ ਰਹੀ ਹੈ ਉਹ ਸਮਾਂ ਰਹਿੰਦੇ ਮੁਕੰਮਲ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਪੱਧਰ ਉੱਤੇ ਲੇਬਰ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਰੰਤ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦੇ ਧਿਆਨ ਵਿੱਚ ਲਿਆਂਦਾ ਜਾਵੇ।
ਇਹ ਵੀ ਪੜ੍ਹੋ: ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, ਜਲਦ ਆ ਸਕਦਾ ਹੈ ਕੋਈ ਅਹਿਮ ਫੈਸਲਾ