ਮੋਗਾ: ਬਾਘਾਪੁਰਾਣਾ ਦੇ ਪਿੰਡ ਮਾੜੀ ਮੁਸਤਫ਼ਾ ਵਿਖੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਸੀ। ਜਾਂਚ ਦੌਰਾਨ ਪੁਲਿਸ ਨੇ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਨਾਲ ਹੀ ਪੁਲਿਸ ਨੇ ਇੱਕ 12 ਬੋਰ ਦੇਸੀ ਪਿਸਤੌਲ, 2 ਰੌਂਦ 12 ਬੋਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਮਾਮਲੇ ਸਬੰਧੀ ਆਈਜੀ ਫਰੀਦਕੋਟ ਰੇਂਜ ਪੀਕੇ ਯਾਦਵ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਜਾਂਚ ਲਈ ਟੀਮਾਂ ਬਣਾਈਆਂ ਗਈ ਸੀ। ਸੀਸੀਟੀਵੀ ਫੁਟੇਜ ਦੀ ਪੜਤਾਲ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਨੂੰ ਇਨ੍ਹਾਂ ਸਬੰਧੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਜੈ ਸਿੰਘ ਵਾਲਾ ਤੋਂ ਚੋਟੀਆਂ ਤੋਬੇ ਰੋਡ ’ਤੇ ਛਾਪੇਮਾਰੀ ਕੀਤੀ ਜਿਸ ਚ ਉਨ੍ਹਾਂ ਨੇ ਘਟਨਾ ਦੇ ਮੁਲਜ਼ਮ ਨੂੰ ਕਾਬੂ ਕਰ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ 12 ਬੋਰ ਦੇਸੀ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਇਕਲ ਵੀ ਬਰਾਮਦ ਕੀਤਾ। ਇਹ ਉਹੀ ਮੋਟਰਸਾਈਕਲ ਜਿਸ ਤੇ ਸਵਾਰ ਹੋ ਕੇ ਆਏ ਹਮਲਾਵਾਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਚਮਕੌਰ ਸਿੰਘ ਉਰਫ ਬੇਅੰਤ ਸਿੰਘ ਵਾਸੀ ਪਿੰਡ ਮਾੜੀ ਮੁਸਤਫਾ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ`ਤੇ ਲਿਆਂਦਾ ਗਿਆ ਸੀ। ਬੇਅੰਤ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੂੰ ਫਿਰੋਜ਼ਪੁਰ ਜੇਲ੍ਹ ਦੇ ਕੈਦੀਆਂ ਤੋਂ ਪਤਾ ਲੱਗਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੁੱਪ ਨੇ ਆਪਣੇ ਸ਼ੂਟਰ ਮਨਪ੍ਰੀਤ ਉਰਫ ਮੰਨੂ ਵਾਸੀ ਪਿੰਡ ਕੁੱਸਾ ਜਿ਼ਲ੍ਹਾ ਮੋਗਾ ਅਤੇ ਪ੍ਰੇਮ ਵਾਸੀ ਤਰਨਤਾਰਨ ਨੂੰ ਹਰਜੀਤ ਪੈਂਟਾ ਨੂੰ ਮਾਰਨ ਲਈ ਭੇਜਿਆ ਸੀ। ਹਰਜੀਤ ਸਿੰਘ ਪੈਂਟਾ ਦਾ ਸਬੰਧ ਦਵਿੰਦਰ ਬੰਬੀਹਾ ਗੈਂਗ ਨਾਲ ਸੀ। ਇਹ ਲੜਾਈ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਵਿਚਕਾਰ ਗਿਰੋਹ ਦੀ ਦੁਸ਼ਮਣੀ ਦਾ ਨਤੀਜਾ ਸੀ। ਬੰਬੀਹਾ ਗਰੁੱਪ ਵਾਲੇ ਪਾਸੇ ਤੋਂ ਧਰਮਿੰਦਰ ਬਾਜ਼ੀ ਵੀ ਇਸ ਗੈਂਗ ਵਾਰ ਦਾ ਹਿੱਸਾ ਸੀ। ਬਾਅਦ ਵਿੱਚ ਇਸ ਵਿੱਚ ਸ਼ਾਮਲ ਕੈਦੀਆਂ ਨੂੰ ਪੰਜਾਬ ਦੀਆਂ ਹੋਰ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ।
ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਜਿੰਮੇਵਾਰੀ ਲੈਣ ਲਈ ਬਣਾਏ ਗਏ ਪੇਜ ਦੀ ਪੜਤਾਲ ਕਰਨ ਲਈ ਮੋਗਾ ਪੁਲਿਸ ਦੀ ਟੀਮ ਦਿੱਲੀ ਗਈ ਸੀ। ਫੇਸਬੁੱਕ ਆਈ.ਡੀ, ਜੋ ਹੁਣ `ਗੋਲਡੀ ਬਰਾੜ` ਦੇ ਨਾਮ ਨਾਲ ਜੁੜੀ ਹੋਈ ਹੈ, ਨੂੰ ਇੱਕ ਮਹਿਲਾ ਦੇ ਦਿੱਲੀ ਦੇ ਫੋਨ ਨੰਬਰ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਮਹਿਲਾ ਨੇ ਖੁਲਾਸਾ ਕੀਤਾ ਕਿ ਉਹ ਫੇਸਬੁੱਕ ਰਾਹੀਂ ਲਾਰੇਂਸ ਬਿਸ਼ਨੋਈ ਦਾ ਭਰਾ ਹੋਣ ਦਾ ਦਾਅਵਾ ਕਰਨ ਵਾਲੇ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਆਈ ਸੀ। ਇਸ ਮਾਮਲੇ ਵਿੱਚ ਰੂਪਾਂਜਲੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕੇਸ ਵਿੱਚ ਮਨਪ੍ਰੀਤ ਉਰਫ਼ ਮੰਨੂ ਵਾਸੀ ਕੁੱਸਾ ਅਤੇ ਪ੍ਰੇਮ ਵਾਸੀ ਤਰਨਤਾਰਨ ਨੂੰ ਨਾਮਜ਼ਦ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਮੰਨੂ ਖਿਲਾਫ ਪਹਿਲਾਂ ਹੀ ਕਰੀਬ 6 ਕੇਸ ਦਰਜ ਹਨ, ਜਿਨ੍ਹਾਂ ਵਿਚ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਸ਼ਾਮਲ ਹਨ। ਜਿੰਨਾ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।
ਆਈ.ਜੀ.ਐਸ ਯਾਦਵ ਨੇ ਇਹ ਵੀ ਕਿਹਾ ਕਿ ਮੋਗਾ ਪੁਲਿਸ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਜਲਦੀ ਤਫ਼ਤੀਸ਼ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਜਿਲ੍ਹਾ ਪੁਲਿਸ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧੀ ਜਾਣਕਾਰੀ ਦੇਣ। ਇਨ੍ਹਾਂ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਇਹ ਵੀ ਪੜੋ: ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਸਫਲਤਾ, ਹਥਿਆਰਾਂ ਸਣੇ 16 ਤੋਂ ਵੱਧ ਗੈਂਗਸਟਰ ਕੀਤੇ ਕਾਬੂ