ਮੋਗਾ: ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੁਲਿਸ ਨੇ ਗੰਨ ਕਲਚਰ ਵਿਰੁੱਧ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਮੋਗਾ ਪੁਲਿਸ ਨੇ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ।
ਜਾਣਕਾਰੀ ਮੁਤਾਬਕ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਸਲੇ ਨਾਲ ਫ਼ੋਟੋ ਪਾਈ ਸੀ। ਇਸ 'ਤੇ ਕਾਰਵਾਈ ਕਰਦਿਆਂ ਥਾਣਾ ਧਰਮਕੋਟ ਵਿਚ ਬਾਜੇਕੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਗਵੰਤ ਸਿੰਘ ਉਰਫ਼ ਬਾਜੇਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦਾ ਹੈ। ਮੋਗਾ ਜ਼ਿਲ੍ਹੇ ਦੇ ਕੇ ਧਰਮਕੋਟ ਮੰਡਲ ਦੇ ਪਿੰਡ ਬਾਜੇਕੇ ਦਾ ਰਹਿਣ ਵਾਲਾ ਭਗਵੰਤ ਸਿੰਘ ਕੱਟੜਪੰਥੀ ਸਿੱਖ ਕਾਰਕੁਨ ਅੰਮ੍ਰਿਤਪਾਲ ਸਿੰਘ ਦਾ ਨਜ਼ਦੀਕੀ ਸਾਥੀ ਹੈ। ਉਹ ਅਕਸਰ ਉਸ ਦੇ ਨਾਲ ਵੱਖ-ਵੱਖ ਧਾਰਮਿਕ ਸਮਾਰੋਹਾਂ ਵਿੱਚ ਦੇਖਿਆ ਗਿਆ ਹੈ।
ਨਹੀਂ ਹੈ ਆਪਣਾ ਲਾਇਸੰਸੀ ਹਥਿਆਰ : ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਅਤੇ ਅਸਲਾ ਐਕਟ 1959 ਦੀਆਂ ਧਾਰਾਵਾਂ 29 ਅਤੇ 30 ਤਹਿਤ ਕੇਸ ਦਰਜ ਕੀਤਾ ਗਿਆ ਹੈ। ਏ.ਐਸ.ਆਈ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੋ ਹੋਮਗਾਰਡ ਜਵਾਨਾਂ ਗੋਪਾਲ ਸਿੰਘ ਅਤੇ ਗੁਰਬਖਸ਼ ਸਿੰਘ ਸਮੇਤ ਪਿੰਡ ਧਰਮਕੋਟ, ਢੋਲੇਵਾਲਾ ਅਤੇ ਬਾਜੇਕੇ ਵਿਖੇ ਰੂਟੀਨ ਗਸ਼ਤ 'ਤੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਾਜੇਕੇ ਵਾਸੀ ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਂਦੇ ਹੋਏ ਆਪਣੀਆਂ ਤਸਵੀਰਾਂ ਵੀ ਪੋਸਟ ਕਰ ਰਿਹਾ ਹੈ | ਜਦਕਿ ਉਸ ਕੋਲ ਆਪਣਾ ਕੋਈ ਲਾਇਸੈਂਸੀ ਹਥਿਆਰ ਨਹੀਂ ਹੈ।
ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਸ਼ਖਤ ਪਾਬੰਦੀ: ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਨੇ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਜਨਤਕ ਪ੍ਰਦਰਸ਼ਨੀ 'ਤੇ ਪੂਰਨ ਪਾਬੰਦੀ ਦੇ ਹੁਕਮ ਦਿੱਤੇ ਹਨ। ਇਹ ਪਾਬੰਦੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਲਾਗੂ ਹੈ। ਇਸ ਤੋਂ ਇਲਾਵਾ ਗੰਨ ਕਲਚਰ ਨੂੰ ਦਰਸਾਉਂਦੇ ਗੀਤਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹਾਂ, ਪਾਰਟੀਆਂ ਅਤੇ ਹੋਰ ਥਾਵਾਂ 'ਤੇ ਹਥਿਆਰ ਲੈ ਕੇ ਜਾਣ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਪਾਬੰਦੀ ਲਗਾਈ ਗਈ ਹੈ। ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਖੇਤਰਾਂ ਵਿੱਚ ਵਿਸ਼ੇਸ਼ ਅਤੇ ਅਚਨਚੇਤ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਨਫ਼ਰਤ ਭਰੇ ਭਾਸ਼ਣ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ।
ਇਹ ਵੀ ਪੜ੍ਹੋ:- ਪੱਛਮੀ ਬੰਗਾਲ ਦੇ ਨਵੇਂ ਰਾਜਪਾਲ ਸੀਵੀ ਆਨੰਦ ਬੋਸ ਨੇ ਚੁੱਕੀ ਸਹੁੰ, ਸੀਐੱਮ ਰਹੇ ਮੌਜੂਦ