ਮੋਗਾ: ਪੰਜਾਬ ਵਿੱਚ ਜਿੱਥੇ ਸ਼ਰਾਬ ਦਾ ਧੰਧਾ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ ਉੱਥੇ ਹੀ ਇਸ ਧੰਧੇ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਬਾਘਾਪੁਰਾਨਾ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਟਰੱਕ ਵਿੱਚੋਂ 540 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।
ਬਾਘਾਪੁਰਾਨਾ ਪੁਲਿਸ ਦੇ ਡੀਐੱਸਪੀ ਜਸਪਾਲ ਸਿੰਘ ਧਾਮੀ ਨੇ ਦੱਸਿਆ ਦੀ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਸ਼ਰਾਬ ਨਾਲ ਭਰਿਆ ਇੱਕ ਟਰੱਕ ਬਾਘਾਪੁਰਾਨਾ ਵੱਲ ਆ ਰਿਹਾ ਹੈ। ਇਸ 'ਤੇ ਕਾਰਵਾਈ ਕਰਦਿਆਂ ਬਾਘਾਪੁਰਾਨਾ ਪੁਲਿਸ ਨੇ ਫੁਲੇਵਾਲਾ ਪਿੰਡ ਕੋਲ ਨਾਕਾਬੰਦੀ ਕੀਤੀ ਅਤੇ ਜਦੋਂ ਇੱਕ ਟਰੱਕ ਨੂੰ ਰੋਕਿਆ ਗਿਆ ਅਤੇ ਉਸਦੀ ਤਲਾਸ਼ੀ ਦੌਰਾਨ ਉਸ ਵਿਚੋਂ ਕੁੱਲ 540 ਪੇਟੀਆਂ ਜਿਸ ਵਿਚੋਂ 384 ਪੇਟੀਆਂ ਸੌਂਫੀ, 96 ਪੇਟੀਆਂ ਕਲੱਬ, 60 ਪੇਟੀਆਂ ਫਰਸਟ ਚਾਇਸ ਦੀ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਟਰੱਕ 'ਚ ਮੌਜੂਦ ਦੋਨਾਂ ਆਦਮੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੋਸ਼ੀਆਂ ਦੀ ਪਛਾਣ ਸਤਨਾਮ ਸਿੰਘ ਅਤੇ ਸੁਖਵੰਤ ਸਿੰਘ ਵੱਜੋਂ ਹੋਈ ਹੈ। ਡੀਐੱਸਪੀ ਧਾਮੀ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਛੇਤੀ ਹੀ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਲਈ ਜਾਵੇਗੀ।