ਮੋਗਾ: ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਫਾ ਵਿੱਚ ਇੱਕ ਘਟਨਾ ਸਾਹਮਣੇ ਆਈ ਸੀ ਕਿ ਆਪਸੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਚੱਲੀਆਂ ਸਨ। ਇਸ ਘਟਨਾ ਵਿੱਚ 1 ਔਰਤ ਸਮੇਤ 2 ਜਣੇ ਜਖ਼ਮੀ ਹੋਏ ਸਨ। ਇਹ ਵਾਰਦਾਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ 'ਤੇ ਕਾਰਵਾਈ ਕਰਦਿਆਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐੱਸ ਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਵਿਅਕਤੀ ਕੁਲਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਪਿੰਡ ਵਿੱਚ 6-7 ਲੋਕ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਸਨ। ਜਦੋਂ ਉੱਥੇ ਰੇਡ ਕੀਤੀ ਗਈ ਤਾਂ 7 ਦੋਸ਼ੀਆਂ ਵਿੱਚੋਂ 4 ਭੱਜਣ ਵਿੱਚ ਕਾਮਯਾਬ ਹੋ ਗਏ ਜਦਕਿ 3 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਫੜੇ ਗਏ ਤਿੰਨ ਦੋਸ਼ੀਆਂ ਕੋਲੋਂ 2 ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਪੁਲਿਸ ਨੇ ਕਿਹਾ ਕਿ ਜਦੋਂ ਫ਼ੜੇ ਗਏ ਤਿੰਨ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੱਛਲੀ 12 ਦਸੰਬਰ ਨੂੰ ਬਾਘਾ ਪੁਰਾਣਾ ਦੇ ਪਿੰਡ ਮਾੜੀ ਮੁਸਤਫਾ ਵਿੱਚ ਬੇਅੰਤ ਸਿੰਘ ਨਾਂਅ ਦੇ ਨੌਜਵਾਨ ਦੇ ਆਪਸੀ ਰੰਜਿਸ਼ ਦੇ ਚਲਦਿਆਂ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਇੰਨ੍ਹਾਂ ਦੋਸ਼ੀਆਂ 'ਤੇ ਬਣਦੀ ਧਾਰਾ ਅਧੀਨ ਪਰਚਾ ਦਰਜ਼ ਕਰ ਲਿਆ ਹੈ।