ਮੋਗਾ: ਜ਼ੀਰਾ ਰੋਡ ਦੇ ਰਹਿਣ ਵਾਲੇ 17 ਸਾਲਾਂ ਅਭੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੋਗਾ ਤੋਂ MLA ਅਮਨਦੀਪ ਕੌਰ ਅਰੋੜਾ ਮ੍ਰਿਤਕ ਦੇ ਘਰ ਪਹੁੰਚੇ। ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮ੍ਰਿਤਕ ਦੇ ਪਰਿਵਾਰ ਨਾਲ ਗੱਲ ਕਰਦਿਆਂ ਪਰਿਵਾਰ ਨੇ ਦਸਿਆ ਕਿ ਉਨ੍ਹਾਂ ਦਾ ਛੋਟਾ ਮੁੰਡਾ ਰਾਤ ਸਾਧਾਂਵਾਲੀ ਬਸਤੀ ਵਿਚ ਰਹਿਣ ਵਾਲੇ ਬਿੱਲਾ ਨਾਂਅ ਦੇ ਨੌਜਵਾਨ ਕੋਲ ਗਿਆ ਸੀ, ਜਿੱਥੇ ਉਸ ਨੇ ਨਸ਼ੇ ਦਾ ਟੀਕਾ ਲਾ ਲਿਆ ਅਤੇ ਓਵਰਡੋਜ਼ ਕਾਰਨ ਮੌਕੇ ’ਤੇ ਉਸ ਦੀ ਮੌਤ ਹੋ ਗਈ।
ਪਰਿਵਾਰ ਨੇ ਦੱਸਿਆ ਕਿ, ਜਦੋਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ, ਵੱਡੇ ਮੁੰਡੇ ਨੇ ਉਸ ਨੂੰ ਚੁੱਕ ਕੇ ਘਰ ਲਿਆਂਦਾ, ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਕਤ ਨੌਜਵਾਨਾਂ ਦੀ ਚਿੱਟੇ ਦੇ ਨਸ਼ੇ ਦਾ ਟੀਕੇ ਲਗਾਉਂਦਿਆਂ ਦੀ ਵੀਡੀਓ ਵੀ ਵਾਇਰਲ ਹੋਈ ਹੈ।
MLA ਡਾ. ਅਮਨਦੀਪ ਕੌਰ ਦੀ ਅਪੀਲ
MLA ਡਾ. ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦਸਿਆ ਕਿ ਇਸ ਮਾਮਲੇ ਦੇ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਕਰਦਿਆਂ 4 ਨਸ਼ੇ ਦੇ ਤਸਕਰਾਂ 'ਤੇ ਪਰਚਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਜਿਹੜੇ ਵੀ ਲੋਕ ਚਿੱਟਾ (ਨਸ਼ਾ) ਕਰਦੇ ਹਨ ਜਾਂ ਵੇਚਦੇ ਹਨ, ਉਨ੍ਹਾਂ ਦੀਆਂ ਵੀਡੀਓ ਬਣਾਓ ਅਤੇ ਸਾਡੇ ਤੱਕ ਪਹੁੰਚਦੀਆਂ ਕਰੋ।
ਨਸ਼ਾ ਛਡਾਓ ਕੇਂਦਰਾਂ ਵਿੱਚ ਪੁਖ਼ਤਾ ਇੰਤਜਾਮ
ਇਸ ਤੋਂ ਬਾਅਦ ਦੋਸ਼ੀਆਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਮਨਦੀਪ ਨੇ ਵਿਸ਼ਵਾਸ ਦਵਾਇਆ ਕਿ ਚਾਹੇ ਉਹ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ ਬਖਸ਼ਿਆ ਨਹੀਂ ਜਾਵੇਗਾ। ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਨਸ਼ਾ ਛਡਾਓ ਕੇਂਦਰਾਂ ਵਿੱਚ ਪੁਖ਼ਤਾ ਇੰਤਜਾਮ ਕੀਤੇ ਗਏ ਹਨ। ਬੜੇ ਸੁਚਾਰੂ ਢੰਗ ਨਾਲ ਨਸ਼ਾ ਛੁਡਾਇਆ ਜਾਂਦਾ ਹੈ। ਤੁਹਾਡੀ ਸੇਵਾ ਲਈ ਹਮੇਸ਼ਾ ਹਾਜਰ ਹਾਂ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਸੂਚੀ ਆ ਚੁੱਕੀ ਹੈ ਅਤੇ ਇਹ ਸਾਰੇ ਸਲਾਖਾਂ ਦੇ ਪਿੱਛੇ ਹੋਣਗੇ। ਨਸ਼ੇ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇ ਤਾਂ ਜੋ ਇਸ ਉਸ ਦੇ ਮੁੰਡੇ ਵਾਂਗ ਹੋਰ ਮਾਵਾਂ ਦੇ ਪੁੱਤ ਨਾ ਜਾਣ ਅਤੇ ਨਾ ਹੀ ਹੱਸਦੇ-ਵੱਸਦੇ ਘਰ ਉੱਜੜਨ।
ਇਹ ਵੀ ਪੜ੍ਹੋ: ਹੋਲੇ ਮਹੱਲੇ 'ਤੇ ਗਿਆ ਇਕਲੌਤਾ ਪੁੱਤ ਲਾਸ਼ ਬਣ ਪਰਤਿਆ ਘਰ, ਪਰਿਵਾਰ 'ਚ ਸੋਗ ਦੀ ਲਹਿਰ