ਮੋਗਾ: ਥਾਣਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਰੋਡੇ ਕੋਲ ਸਨਿਚਰਵਾਰ ਦੀ ਸਵੇਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਬਜ਼ੁਰਗ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਮਹਿਲਾਵਾਂ ਗੰਭੀਰ ਰੂਪ ਜ਼ਖ਼ਮੀ ਹੋ ਗਈਆਂ।
ਜਾਣਕਾਰੀ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ਼ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਤਰਨਜੀਤ ਕੌਰ (62) ਅਤੇ ਰਵਿੰਦਰ ਕੁਮਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹੁਸੈਨਪੁਰ ਗੁੜਾ ਦੇ ਵਸਨੀਕ ਸਨ। ਉਨ੍ਹਾਂ ਦੇ ਨਾਲ ਕਾਰ ਵਿੱਚ ਸਵਾਰ ਉਨ੍ਹਾਂ ਦੀਆਂ ਤਿੰਨ ਰਿਸ਼ਤੇਦਾਰ ਮਹਿਲਾਵਾਂ ਬਬੀਤਾ, ਰਾਣੀ ਅਤੇ ਸੁਰਿੰਦਰ ਕੌਰ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ।
ਇਹ ਵੀ ਜਾਣਕਾਰੀ ਹੈ ਕਿ ਉਕਤ ਪਰਿਵਾਰ ਅੱਜ ਸਵੇਰੇ ਕਰੀਬ ਦੋ ਵਜੇ ਹੁਸ਼ਿਆਰਪੁਰ ਤੋਂ ਰਾਜਸਥਾਨ ਦੇ ਪਿੰਡ ਸੰਗਰੀਆਂ ਵਿਖੇ ਚੱਲਿਆ ਸੀ, ਜਿਥੇ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਸਸਕਾਰ ਹੋਣਾ ਸੀ।
ਸਵੇਰੇ ਕਰੀਬ ਸਾਢੇ ਪੰਜ ਵਜੇ ਹਨੇਰਾ ਹੋਣ ਕਰ ਕੇ ਪਿੰਡ ਰੋਡੇ ਦੇ ਕੋਲ ਸੜਕ ਉੱਤੇ ਜਾ ਰਹੀ ਟਰੈਕਟਰ ਟਰਾਲੀ ਦੇ ਪਿੱਛੇ ਉਨ੍ਹਾਂ ਦੀ ਕਾਰ ਟਕਰਾ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਮੌਕੇ ਉੱਤੇ ਹੀ ਡਰਾਇਵਰ ਰਵਿੰਦਰ ਸਿੰਘ ਸਮੇਤ ਤਰਨਜੀਤ ਕੌਰ ਦੀ ਮੌਤ ਹੋ ਗਈ। ਬਾਕੀ ਜ਼ਖ਼ਮੀ ਮਹਿਲਾਵਾਂ ਦੀ ਹਾਲਤ ਫਿਲਹਾਲ ਸਥਿਰ ਬਣੀ ਹੋਈ ਹੈ।
ਥਾਣਾ ਸਮਾਲਸਰ ਦੇ ਐਸਐਚਓ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉੱਕਤ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।