ਮੋਗਾ: ਪੰਜਾਬ ਵਿੱਚ ਵੱਧ ਰਹੇ ਨਸ਼ੇ ਕਾਰਨ ਲੁੱਟ-ਖੋਹ ਦੀਆਂ ਘਟਨਾਵਾਂ ਹੁਣ ਆਮ ਜਿਹੀ ਗੱਲ ਬਣ ਗਈ ਹੈ। ਤਾਜ਼ਾ ਮਾਮਲਾ ਮੋਗਾ ਸ਼ਹਿਰ ਦੇ ਬੇਦੀ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੋ ਔਰਤਾਂ ਤੋਂ ਇੱਕ ਵਿਅਕਤੀ ਦੇ ਘਰ ਦਾ ਪਤਾ ਪੁੱਛਣ ਦੇ ਬਹਾਨੇ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਧੂਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਈ। ਇਸ ਦੌਰਾਨ ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਨੌਜਵਾਨਾਂ ਨੇ ਦਿੱਤਾ ਘਟਨਾ ਨੂੰ ਅੰਜ਼ਾਮ : ਇਸ ਸਾਰੀ ਘਟਨਾ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਪੀੜਤ ਔਰਤ ਮਨਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਲੁਟੇਰੇ ਕਿਸੇ ਵਿਅਕਤੀ ਦਾ ਨਾਂ ਲੈ ਕੇ ਉਸਦੇ ਘਰ ਦਾ ਪਤਾ ਪੁੱਛਣ ਦੇ ਬਹਾਨੇ ਆਏ ਅਤੇ ਬਿਨਾਂ ਕੁੱਝ ਕਹੇ ਚਲੇ ਗਏ। ਜਿਸ ਤੋਂ ਬਾਅਦ ਉਹ ਫਿਰ ਵਾਪਸ ਆ ਗਏ ਅਤੇ ਮੌਕਾ ਮਿਲਦਿਆਂ ਹੀ ਉਸਦੇ ਕੰਨਾਂ ਦੀਆਂ ਵਾਲੀਆਂ ਧੂਹ ਕੇ ਲੈ ਗਏ। ਇਸ ਘਟਨਾ ਦੀ ਪੀੜਤ ਮਹਿਲਾ ਅਨੁਸਾਰ ਥਾਣੇ ਵਿੱਚ ਸਟਾਫ਼ ਘੱਟ ਹੋਣ ਦੀ ਗੱਲ ਕਹਿ ਕੇ ਪੁਲਿਸ ਮੁਲਾਜ਼ਮ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੇ ਹਨ। ਮਹਿਲਾ ਨੇ ਪੁਲਿਸ ਉੱਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ।
ਇਹ ਵੀ ਪੜ੍ਹੋ: Anand Marriage Act: ਕੀ ਹੈ ਆਨੰਦ ਮੈਰਿਜ ਐਕਟ, ਕਦੋਂ ਤੋਂ ਕੀਤੀ ਜਾ ਰਹੀ ਹੈ ਮੰਗ, ਅਜੇ ਤੱਕ ਕਿਉਂ ਨਹੀਂ ਪਾਸ ਹੋ ਸਕਿਆ ?
ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ : ਇਸ ਘਟਨਾ ਬਾਰੇ ਮਹਿਲਾ ਦੀ ਸਾਥੀ ਜਸਵਿੰਦਰ ਕੋਰ ਨੇ ਦੱਸਿਆ ਕਿ ਮਨਜੀਤ ਕੌਰ ਉਨ੍ਹਾਂ ਦੇ ਬਿਲੁਕਲ ਨਾਲ ਵਾਲੇ ਘਰ ਰਹਿੰਦੇ ਹਨ। ਮਨਜੀਤ ਕੌਰ ਘਰ ਦੇ ਬਾਹਰ ਬੈਠੇ ਸੀ। ਅਚਾਨਕ ਦੋ ਮੋਟਰ ਸਾਇਕਲ ਸਵਾਰ ਨੌਜਵਾਨਾਂ ਨੇ ਆ ਕੇ ਮਨਜੀਤ ਕੌਰ ਨਾਲ ਕੋਈ ਗੱਲ ਕੀਤੀ ਅਤੇ ਫੇਰ ਉਹ ਮੋਟਰਸਾਇਕਲ ਸਵਾਰ ਲੜਕੇ ਉਸਦੇ ਕੰਨਾਂ ਦੀਆਂ ਵਾਲੀਆਂ ਧੂਹ ਕੇ ਫਰਾਰ ਹੋ ਗਏ। ਉਸਨੇ ਕਿਹਾ ਕਿ ਮਨਜੀਤ ਕੌਰ ਨੇ ਰੌਲਾ ਵੀ ਪਾਇਆ ਪਰ ਉਹ ਨਹੀਂ ਰੁਕੇ। ਇਸ ਮਹਿਲਾ ਨੇ ਕਿਹਾ ਕਿ ਉਸਦੇ ਲੜਕੇ ਨੇ ਵੀ ਉਨ੍ਹਾਂ ਦਾ ਪਿੱਛਾ ਕੀਤਾ ਪਰ ਨੌਜਵਾਨ ਫੜੇ ਨਹੀਂ ਜਾ ਸਕੇ। ਜਸਵਿੰਦਰ ਕੌਰ ਨੇ ਕਿਹਾ ਕਿ ਪੁਲਿਸ ਵਲੋਂ ਵੀ ਕੋਈ ਮਦਦ ਨਹੀਂ ਕੀਤੀ ਗਈ। ਮਹਿਲਾ ਨੇ ਪੁਲਿਸ ਉਤੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਮਾਮਲੇ ਸੰਬੰਧੀ ਜਦੋਂ ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵਲੋਂ ਇਸਦੀ ਪੁਸ਼ਟੀ ਨਹੀਂ ਹੋ ਸਕੀ।