ਮੋਗਾ: ਪਿੰਡ ਢੁੱਡੀਕੇ ਵਿੱਚ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਦੇ ਹੋਸਟਲ ਦੀ ਇਮਾਰਤ ਦੀ ਹਾਲਤ ਖ਼ਸਤਾ ਹੋਣ ਤੇ ਗ਼ਲਤ ਅਨਸਰਾਂ ਤੇ ਨਸ਼ੇ ਕਰਨ ਵਾਲਿਆਂ ਦਾ ਅੱਡਾ ਬਣਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹੋਸਟਲ ਦੀ ਬਿਲਡਿੰਗ ਵਿੱਚ ਬਣੇ ਕਮਰਿਆਂ 'ਚ ਥਾਂ-ਥਾਂ ਟੀਕੇ, ਸ਼ੀਸ਼ੀਆਂ, ਸ਼ਰਾਬ ਦੀਆਂ ਬੋਤਲਾਂ ਤੇ ਸਿਗਰਟਾਂ ਦੇ ਪੈਕੇਟ ਖਿੱਲਰੇ ਹੋਏ ਹਨ।
ਇਸ ਬਾਰੇ ਪ੍ਰਸਿੱਧ ਹਾਕੀ ਕੋਚ ਕੁਲਦੀਪ ਸਿੰਘ ਨੇ ਕਿਹਾ ਕਿ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਦਾ ਸ਼ੁਰੂ ਤੋਂ ਹੀ ਖੇਡਾਂ ਦੇ ਵਿੱਚ ਚੰਗਾ ਨਾਂਅ ਰਿਹਾ ਹੈ। ਇਸ ਥਾਂ ਤੋਂ ਬਹੁਤ ਸਾਰੇ ਰਾਸ਼ਟਰੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਹੋਏ ਹਨ ਜਿਨ੍ਹਾਂ ਨੇ ਵੱਖ-ਵੱਖ ਖੇਡਾਂ ਵਿੱਚ ਨਾਂਅ ਕਮਾਇਆ ਹੈ। ਉਨ੍ਹਾਂ ਕਿਹਾ ਕਿ 1976 ਵਿੱਚ ਦੂਰ- ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਸਰਕਾਰੀ ਹੋਸਟਲ ਬਣਾਏ ਗਏ ਸਨ ਜਿਨ੍ਹਾਂ ਦੀ ਹਾਲਤ ਹੁਣ ਖ਼ਸਤਾ ਹੋ ਚੁੱਕੀ ਹੈ।
ਉੱਥੇ ਹੀ ਮੌਜੂਦਾ ਪ੍ਰਿੰਸੀਪਲ ਸ਼ਵੇਤਾ ਸ਼ਰਮਾ ਨੇ ਦੱਸਿਆ ਕਿ ਇਹ ਕੰਮ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਤੋਂ ਸ਼ੁਰੂ ਹੋਇਆ ਸੀ ਜਿਸ ਬਾਰੇ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਗਰਾਊਂਡ ਨੂੰ ਮੁਕੰਮਲ ਕਰਨ ਦਾ ਕੰਮ ਕੇਂਦਰ ਤੇ ਪੰਜਾਬ ਸਰਕਾਰ ਦੀ ਹਿੱਸੇਦਾਰ ਨਾਲ ਮੁਕੰਮਲ ਹੋਣਾ ਸੀ। ਇਹ ਕੰਮ ਫੰਡਾਂ ਦੀ ਘਾਟ ਹੋਣ ਕਰਕੇ ਸਿਰਫ਼ ਬੇਸ ਬਣਿਆ ਹੈ ਤੇ ਐਸਟਰੋਟਰਫ਼ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਇਸ ਨੂੰ ਪੀ ਡਬਲਯੂ ਡੀ ਵੱਲੋਂ ਅਜੇ ਤੱਕ ਅਣ ਸੁਰੱਖਿਅਤ ਘੋਸ਼ਿਤ ਲਿਖਤ ਵਿੱਚ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਹੋਟਲ ਦੀ ਹਾਲਤ ਖ਼ਸਤਾ ਹੋਣ ਕਰਕੇ ਹੋਸਟਲ ਵਰਤੋਂ ਵਿੱਚ ਨਹੀਂ ਹੈ ਤੇ ਇਸ ਦੀਆਂ ਖਿੜਕੀਆਂ ਤੇ ਦਰਵਾਜ਼ੇ ਵੀ ਚੋਰੀ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਗਰਾਊਂਡ ਮੁਕੰਮਲ ਨਾ ਹੋਣ ਕਰਕੇ ਖਿਡਾਰੀਆਂ ਨੂੰ ਪ੍ਰੈਕਟਿਸ ਲਈ ਆਲੇ-ਦੁਆਲੇ ਦੇ ਸਕੂਲਾਂ ਦੇ ਗਰਾਊਂਡਾਂ ਵਿੱਚ ਜਾਣਾ ਪੈਂਦਾ ਹੈ।ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗਰਾਊਂਡ ਦਾ ਕੰਮ ਜਲਦੀ ਨੇਪਰੇ ਚਾੜ੍ਹਿਆ ਜਾਵੇ ਤਾਂ ਕਿ ਇੱਥੇ ਪੜ੍ਹਨ ਵਾਲੇ ਵਿਦਿਆਰਥੀ ਖੇਡਾਂ ਵਿੱਚ ਹਿੱਸਾ ਲੈ ਕੇ ਕਾਲਜ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ ।
ਨਸ਼ੇੜੀਆਂ ਤੇ ਗ਼ਲਤ ਅਨਸਰਾਂ ਦਾ ਅੱਡਾ ਬਣ ਚੁੱਕੇ ਪੁਰਾਤਨ ਹੋਸਟਲ ਬਾਰੇ ਜ਼ਿਲ੍ਹਾ ਖੇਡ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਛੇਤੀ ਹੀ ਪੀ ਡਬਲਯੂ ਡੀ ਤੋਂ ਰਿਪੋਰਟ ਲਈ ਜਾਵੇਗੀ। ਜੇਕਰ ਉਨ੍ਹਾਂ ਵੱਲੋਂ ਇਸ ਬਿਲਡਿੰਗ ਨੂੰ ਅਣਸੁਰੱਖਿਅਤ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਛੇਤੀ ਹੀ ਇਸ ਬਿਲਡਿੰਗ ਨੂੰ ਢਾਅ ਦਿੱਤਾ ਜਾਵੇਗਾ ।