ਮੋਗਾ: ਸੂਬੇ ਦੀਆਂ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੇਅ ਕਮਿਸ਼ਨ ਨੂੰ ਲੈਕੇ ਸੂਬਾ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ ਜਿਸਦੇ ਚੱਲਦੇ ਪੈਰਾ ਮੈਡੀਕਲ ਸਮੇਤ ਹੋਰ ਕਈ ਜਥੇਬੰਦੀਆਂ ਦੇ ਵੱਲੋਂ 2 ਦਿਨ ਦੇ ਲਈ ਹੜਤਾਲ ਕੀਤੀ ਗਈ ਹੈ।
ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਮੋਗਾ ਦੀ ਅਗਵਾਈ ਵਿੱਚ ਜ਼ਿਲ੍ਹੇ ਭਰ ਦੇ ਸਬ ਸੈਂਟਰ, ਡਿਸਪੈਂਸਰੀਆਂ, ਬਲਾਕ ਅਤੇ ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿੱਚ ਸਿਰਫ ਐਮਰਜੈਂਸੀ ਅਤੇ ਗਰਭਵਤੀ ਔਰਤਾਂ ਦੇ ਜਣੇਪੇ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਮੰਗਾਂ ਦੇ ਰੋਸ ਵਜੋਂ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੇ ਵੱਲੋਂ ਕੋਵਿਡ ਟੀਕਾਕਰਨ ਅਤੇ ਸੈਂਪਲਿੰਗ ਵੀ ਬੰਦ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਓ.ਪੀ.ਡੀ. ਸੇਵਾਵਾਂ, ਕੋਵਿਡ ਟੀਕਾਕਰਨ ਅਤੇ ਕੋਵਿਡ ਸੈਂਪਲੰਗ ਦਾ ਕੰਮ ਵੀ ਪੂਰੀ ਤਰ੍ਹਾਂ ਬੰਦ ਕੀਤਾ ਗਿਆ। ਸਾਰੇ ਦਫਤਰਾਂ ਅਤੇ ਡਿਸਪੈਸਰੀਆਂ ਬੰਦ ਕਰਨ ਉਪਰੰਤ ਸਮੂਹ ਪ੍ਰਦਰਸ਼ਨਕਾਰੀ ਮੁਲਾਜ਼ਮ ਸਿਵਲ ਸਰਜ਼ਨ ਦਫਤਰ ਮੋਗਾ ਅੱਗੇ ਇਕੱਤਰ ਹੋਏ, ਜਿੱਥੇ ਉਹਨਾਂ ਵੱਲੋਂ ਦੋ ਘੰਟੇ ਦੀ ਰੋਸ ਰੈਲੀ ਕਰਨ ਉਪਰੰਤ ਸਿਵਲ ਹਸਪਤਾਲ ਮੋਗਾ ਦੇ ਗੇਟ ਅੱਗੇ ਬਾਜ਼ਾਰ ਦਾ ਟ੍ਰੈਫਿਕ ਰੋਕ ਕੇ 10 ਮਿੰਟ ਲਈ ਪੰਜਾਬ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ‘ਤੇ ਮੁਲਾਜ਼ਮਾਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੇਅ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਣ ਦੀ ਬਜਾਏ ਘਟ ਰਹੀਆਂ ਹਨ ਤੇ ਪੰਜਾਬ ਕੈਬਨਿਟ ਵੱਲੋਂ ਪੇ ਕਮਿਸ਼ਨ ਵੱਲੋਂ ਸਿਫਾਰਿਸ਼ ਕੀਤੇ ਗਏ ਭੱਤਿਆਂ ‘ਤੇ ਕਟੌਤੀ ਕੀਤੀ ਗਈ ਹੈ।
ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਇਸ ਦੋ ਦਿਨਾਂ ਹੜਤਾਲ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਐਮਰਜੈਂਸੀ ਸੇਵਾਵਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਤੇ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੀ ਹੋਵਗੀ।
ਇਹ ਵੀ ਪੜ੍ਹੋ: ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ 2 ਮਹਿਲਾ ਅਧਿਆਪਕ ਹੋਈਆਂ ਬੇਹੋਸ਼