ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਮਾਣੁਕੇ ਵਿੱਚ ਇੱਕ ਮਜਬੂਰ ਪਿਤਾ ਨੂੰ ਆਪਣੇ 19 ਸਾਲ ਦੇ ਪੁੱਤਰ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੇ ਪੁੱਤਰ ਨੂੰ ਜਦੋਂ ਆਪਣੇ ਨਸ਼ੇ ਦੀ ਪੂਰਤੀ ਦੀ ਲਈ ਰੁਪਏ ਨਹੀਂ ਮਿਲਦੇ ਸਨ, ਤਾਂ ਉਹ ਘਰ ਵਿੱਚ ਨਾ ਸਿਰਫ਼ ਕਲੇਸ਼ ਕਰਦਾ ਸੀ, ਸਗੋਂ ਆਪਣੇ ਮਾਂ-ਪਿਓ ਨਾਲ ਕੁਟਮਾਰ ਵੀ ਕਰਦਾ ਸੀ। ਇਸ ਤੋਂ ਦੁਖੀ ਹੋ ਕੇ ਪਿਤਾ ਨੇ ਆਪਣੇ ਪੁੱਤਰ ਨੂੰ ਵੱਢ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ।
ਪਿਤਾ ਨੇ ਲਾਸ਼ ਅਬੋਹਰ ਬ੍ਰਾਂਚ ਦੇ ਰਜਬਾਹੇ ਵਿੱਚ ਸੁੱਟ ਦਿੱਤੀ ਸੀ ਪਰ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ ਡੀ.ਐਸ.ਪੀ. ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਆਪਣੀ ਜਾਂਚ ਅੱਗੇ ਵਧਾਈ, ਤਾਂ ਸਾਹਮਣੇ ਆਇਆ ਕਿ ਮ੍ਰਿਤਕ ਮਨਪ੍ਰੀਤ ਨਸ਼ੇ ਦਾ ਆਦੀ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਮ੍ਰਿਤਕ ਦਾ ਉਸ ਦੇ ਪਿਤਾ ਜਗਸੀਰ ਸਿੰਘ ਨਾਲ ਝਗੜਾ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਇਸ ਰੋਜ਼-ਰੋਜ਼ ਦੇ ਝਗੜੇ ਤੋਂ ਤੰਗ ਆ ਕੇ ਹੀ ਜਗਸੀਰ ਸਿੰਘ ਨੇ ਕੁਹਾੜੀ ਨਾਲ ਆਪਣੇ ਬੇਟੇ ਦਾ ਗਲਾ ਵੱਢ ਕੇ ਉਸ ਦੀ ਲਾਸ਼ ਨੂੰ ਗੱਡੀ ਵਿੱਚ ਪਾ ਕੇ ਨਹਿਰ 'ਚ ਸੁੱਟ ਦਿੱਤਾ ਸੀ।
ਇਹ ਵੀ ਪੜ੍ਹੋ: ਅਟਾਰੀ ਤੋਂ 532 ਕਿਲੋ ਹੈਰੋਇਨ ਬਰਾਮਦਗੀ ਦਾ ਮਾਮਲਾ, ਅੰਮ੍ਰਿਤਸਰ 'ਚ 2 ਟਰਾਂਸਪੋਰਟਰ ਕਾਬੂ
ਪਿੰਡ ਦੇ ਹੀ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਮਾਣੁਕੇ ਪਿੰਡ 'ਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ, ਨੌਜਵਾਨ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਈ ਵੀ ਨਸ਼ੇ ਨੂੰ ਠੱਲ੍ਹ ਨਹੀਂ ਪਾਈ ਜਾ ਰਹੀ ਹੈ। ਡੀ.ਐਸ.ਪੀ. ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਜਗਸੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।