ਮੋਗਾ: ਸ਼ਹਿਰ ’ਚ ਉਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਲੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਿਕ ਵਿਰੋਧ ਪ੍ਰਦਰਸ਼ਨ ਦੌਰਾਨ ਜੰਮ ਕੇ ਪੱਥਰਬਾਜ਼ੀ ਵੀ ਹੋਈ ਅਤੇ ਪੁਲਿਸ ਦੀ ਗੱਡੀਆਂ ਸਣੇ ਤਕਰੀਬਨ 15 ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਗਏ। ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮ ਸਣੇ ਕਈ ਪੱਤਰਕਾਰ ਵੀ ਜ਼ਖਮੀ ਹੋਏ। ਮਾਹੌਲ ਨੂੰ ਸ਼ਾਂਤ ਕਰਨ ਦੇ ਲਈ ਪੁਲਿਸ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਗਿਆ।
ਇਹ ਵੀ ਪੜੋ: ਸਿੱਧੂ ਬੈਰੰਗ ਪਰਤੇ, ਹੁਣ ਬਾਗੀ ਲਗਾਉਣਗੇ ਵਾਹ
'ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ'
ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਦੌਰਾਨ 15 ਤੋਂ 20 ਗੱਡੀਆਂ ਦਾ ਨੁਕਸਾਨ ਹੋਇਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ’ਤੇ ਪੱਥਰਬਾਜੀ ਕੀਤੀ ਗਈ ਜਿਸ ਕਾਰਨ ਕਈ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ ਉਹ ਉਨ੍ਹਾਂ ਦੇ ਖਿਲਾਫ ਕੀਤੀ ਜਾਵੇਗੀ।
'ਕਿਸਾਨਾਂ ਵੱਲੋਂ ਨਹੀਂ ਵਿਰੋਧੀਆਂ ਪਾਰਟੀਆਂ ਨੇ ਕੀਤਾ ਹੰਗਾਮਾ'
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨ ਨਹੀਂ ਸੀ ਸਗੋਂ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਜਿਨ੍ਹਾਂ ਵੱਲੋਂ ਇਹ ਹੰਗਾਮਾ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੋ ਵੀ ਸ਼ਰਾਰਤੀ ਅਨਸਰ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹੇ ਗਲਤ ਅਨਸਰਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ।