ਮੋਗਾ: ਕਿਸਾਨ ਜਥੇਬੰਦੀਆਂ ਦਾ ਬੀਜੇਪੀ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਬਾਹਰ 101ਵੇਂ ਦਿਨ ਵੀ ਧਰਨਾ ਲਗਾਤਾਰ ਜਾਰੀ ਰਿਹਾ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਵਿਖੇ ਕਿਸਾਨ ਜੱਥੇਬੰਦੀਆਂ ਦੀ ਕਾਲ 'ਤੇ ਪੰਜਾਬ ਸਮੇਤ ਮੋਗਾ ਵਿੱਚ ਵੀ ਕਿਸਾਨ ਸ਼ਾਂਤਮਈ ਢੰਗ ਨਾਲ ਤਿੰਨ ਘੰਟੇ ਲਈ ਹੜਤਾਲ ਨੂੰ ਸਫ਼ਲ ਬਣਾਉਣਗੇ। ਉਨ੍ਹਾਂ ਕਿਹਾ ਕਿ ਬੀਜੇਪੀ ਜ਼ਿਲ੍ਹਾ ਪ੍ਰਧਾਨ ਕਿਸਾਨੀ ਸੰਘਰਸ਼ ਲਈ ਟੱਸ ਤੋਂ ਮੱਸ ਨਹੀਂ ਹੋ ਰਿਹਾ ਅਤੇ ਕਿਸਾਨ ਵੀ ਉਦੋਂ ਤਕ ਉਸ ਦੇ ਘਰ ਬਾਹਰ ਧਰਨਾ ਜਾਰੀ ਰੱਖਣਗੇ ਜਦੋਂ ਤੱਕ ਉਹ ਅਸਤੀਫਾ ਨਹੀਂ ਦਿੰਦਾ।
ਬੀਜੇਪੀ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਬਾਹਰ ਧਰਨਾ ਦੇ ਰਹੇ ਕਿਸਾਨਾਂ ਦਾ ਉਸਦੇ ਮੁਹੱਲਾ ਨਿਵਾਸੀਆਂ ਵੱਲੋਂ ਹੀ ਸੰਪੂਰਨ ਰੂਪ 'ਚ ਸਹਿਯੋਗ ਕੀਤਾ ਜਾ ਰਿਹਾ ਹੈ। ਲੰਗਰ ਪਾਣੀ ਤੋਂ ਲੈ ਕੇ ਗੱਦਿਆਂ ਅਤੇ ਕੰਬਲਾਂ ਤੱਕ ਮੁਹੱਲਾ ਨਿਵਾਸੀ ਕਿਸਾਨਾਂ ਨੂੰ ਮੁਹੱਈਆ ਕਰਵਾ ਰਹੇ ਹਨ। ਇੱਥੋਂ ਤੱਕ ਕਿ ਨਹੀਂ ਵਿਨੈ ਸ਼ਰਮਾ ਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਉਣ ਸਮੇਤ ਮੁਹੱਲਾ ਨਿਵਾਸੀਆਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਨਗਰ ਨਿਗਮ ਦੀਆਂ ਹੋਣ ਵਾਲੀਆਂ ਇਸ ਵਾਰ ਦੀਆਂ ਚੋਣਾਂ ਵਿੱਚ ਉਹ ਵਿਨੈ ਸ਼ਰਮਾ ਨੂੰ ਮੂੰਹ ਨਹੀਂ ਲਗਾਉਣਗੇ।
ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀ 14 ਫ਼ਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਵਿੱਚ ਬੀਜੇਪੀ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਨੂੰ ਇਲਾਕਾ ਨਿਵਾਸੀਆਂ ਵੱਲੋਂ ਕਰਾਰੀ ਹਾਰ ਦਾ ਸਾਹਮਣਾ ਵੀ ਕਰਨਾ ਪਵੇਗਾ। ਵਿਨੈ ਸ਼ਰਮਾ ਦਾ ਬੀਜੇਪੀ ਤੋਂ ਅਸਤੀਫ਼ਾ ਕਿਸਾਨ ਜਥੇਬੰਦੀਆਂ ਦੀ ਮੋਗਾ ਵਿੱਚ ਇੱਕ ਕਿਸਮ ਦੀ ਜਿੱਤ ਹੀ ਹੋਵੇਗੀ।