ਮੋਗਾ: ਬੀਤ੍ਹੇ ਦਿਨੀ ਪੰਜਾਬ ਦੇ ਜ਼ਿਲ੍ਹੇ ਮੋਗਾ ਦੇ ਪਿੰਡ ਦੌਲੇਵਾਲਾ ਵਿਖੇ ਚੌਕੀ ਇੰਚਾਰਜ ਵੱਲੋਂ ਸ਼ੱਕ ਦੇ ਆਧਾਰ ਉੱਤੇ ਪਿੰਡ ਦੇ ਕਈ ਘਰਾਂ ਦੀ ਚੈਕਿੰਗ ਕੀਤੀ ਗਈ, ਇਸ ਚੈਕਿੰਗ ਦਰਮਿਆਨ ਪੰਜਾਬ ਪੁਲਿਸ ’ਤੇ ਧੱਕੇਸ਼ਾਹੀ ਕਰਨ ਦੇ ਵੀ ਇਲਜ਼ਾਮ ਲੱਗੇ ਹਨ।
ਪੀੜ੍ਹਤ ਪਰਿਵਾਰ ਦੀ ਮੈਂਬਰ ਮਨਜੀਤ ਕੌਰ ਨੇ ਪੁਲਿਸ ਉੱਤੇ ਦੋਸ਼ ਹਨ ਕਿ ਚੌਕੀ ਇੰਚਾਰਜ ਪਰਮਦੀਪ ਸਿੰਘ ਸਾਡੇ ਘਰ ਅੰਦਰ ਜ਼ਬਰੀ ਦਾਖ਼ਲ ਹੋਇਆ ਅਤੇ ਸਾਡੇ ਪਰਿਵਾਰਕ ਮੈਂਬਰਾਂ ਨਾਲ ਹੱਥੋਪਾਈ ਕਰਨ ਲੱਗਾ। ਇਸ ਕਾਰਵਾਈ ਦੌਰਾਨ ਪਰਮਦੀਪ ਨੇ ਮੇਰੀ ਮਾਂ ਨੂੰ ਧੱਕਾ ਮਾਰਿਆ ਜੋ ਕਿ ਪਿੱਲਰ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਹਸਪਤਾਲ ਵਿਖੇ ਉਸ ਦੀ ਮਾਤਾ ਦੀ ਮੌਤ ਹੋ ਗਈ ਹੈ।
ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਮਾਂ ਦੀ ਮੌਤ ਪਰਮਦੀਪ ਵੱਲੋਂ ਹੱਥੋਪਾਈ ਕੀਤੇ ਜਾਣ ਕਾਰਣ ਹੋਈ ਹੈ, ਜਿਸ ਦੇ ਲਈ ਉਸ ਨੇ ਪਿੰਡ ਦੌਲੇਵਾਲਾ ਦੇ ਚੌਂਕੀ ਇੰਚਾਰਜ ਪਰਮਦੀਪ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਘਟਨਾ ਤੋਂ ਬਾਅਦ ਪੀੜ੍ਹਤ ਪਰਿਵਾਰ ਵੱਲੋਂ ਸਰਕਾਰ ਕੋਲੋਂ ਇੰਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਉੱਧਰ ਦੂਸਰੇ ਪਾਸੇ ਚੌਕੀ ਇੰਚਾਰਜ ਪਰਮਦੀਪ ਸਿੰਘ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਕਤ ਮਹਿਲਾ ਮਨਜੀਤ ਕੌਰ ਅਤੇ ਉਸ ਦੇ ਪਤੀ ਦੇ ਖਿਲਾਫ਼ ਐਨਡੀਪੀਐਸ ਐਕਟ ਦੇ ਪਹਿਲਾਂ ਹੀ ਨੌਂ ਮਾਮਲੇ ਦਰਜ ਹਨ । ਉਨ੍ਹਾਂ ਕਿਹਾ ਕਿ ਅਸੀਂ ਸ਼ੱਕ ਦੇ ਆਧਾਰ ਤੇ ਸਿਰਫ਼ ਪੁੱਛ-ਗਿੱਛ ਕੀਤੀ ਹੈ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਕੋਈ ਧੱਕਾ ਨਹੀਂ ਮਾਰਿਆ । ਇਹ ਹੁਣ ਆਪਣੇ ਆਪ ਨੂੰ ਬਚਾਉਣ ਲਈ ਜਾਣ ਬੁੱਝ ਕੇ ਪੁਲਿਸ ਉੱਪਰ ਮਨਘੜਤ ਦੋਸ਼ ਲਾਏ ਜਾ ਰਹੇ ਹਨ।