ਮੋਗਾ: ਇੱਥੇ ਅਪਾਹਿਜ ਪ੍ਰਿੰਸ ਅਪਣੀ ਮਾਂ ਕਿਰਨ ਨਾਲ ਵ੍ਹੀਲ ਚੇਅਰ ਉੱਤੇ ਬੈਠ ਕੇ ਰੋਜ਼ਾਨਾ ਜ਼ੁਰਾਬਾਂ ਵੇਚ ਕੇ ਅਪਣੇ ਲਈ ਦੋ ਡੰਗ ਰੋਟੀ ਦਾ ਇੰਤਜ਼ਾਮ ਕਰਦੇ ਅਤੇ ਕੱਚੇ ਘਰ ਵਿੱਚ ਰਹਿਣ ਲਈ ਮਜ਼ਬੂਰ ਸੀ। ਘਰ ਦੀ ਹਾਲਾਤ ਅਜਿਹੀ ਸੀ ਕਿ ਇਕੋਂ ਕਮਰੇ ਵਿੱਛ ਖਾਣਾ-ਪੀਣਾ ਬਣਦਾ ਤੇ ਸੌਣਾ। ਮੀਂਹ ਹਨ੍ਹੇਰੀ ਆਉਣ ਉੱਤੇ ਘਰ ਚੌਂਦਾ ਸੀ। ਕੁੱਲ ਮਿਲਾ ਕੇ ਘਰ ਦੇ ਹਾਲਾਤ ਬੇਹਦ ਤਰਸਯੋਗ ਬਣੇ ਹੋਏ ਸੀ। ਇਸ ਖਬਰ ਨੂੰ ਪ੍ਰਮੁਖਤਾ ਨਾਲ ਈਟੀਵੀ ਭਾਰਤ ਉੱਤੇ ਨਸ਼ਰ ਕੀਤਾ ਗਿਆ। ਜਿਸ ਦਾ ਅਸਰ ਇਹ ਹੋਇਆ ਕਿ ਜ਼ਿਲ੍ਹਾ ਐਨਜੀਓ ਕੋਆਰਡੀਨੇਸ਼ਨ ਕਮੇਟੀ ਮੋਗਾ ਨੇ ਇਨ੍ਹਾਂ ਇਸ ਘਰ ਵਿੱਚ ਆ ਕੇ ਹਾਲਾਤ ਦੇਖੇ।
ਸਮਾਜ ਸੇਵੀ ਸੰਸਥਾ ਨੇ ਦਾਨੀ ਸੱਜਣਾ ਨਾਲ ਮਿਲ ਕੇ ਕੀਤਾ ਇਹ ਉਪਰਾਲਾ: ਜ਼ਿਲ੍ਹਾ ਐਨਜੀਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਦੱਸਿਆ ਕਿ ਖਬਰ ਦੇਖਣ ਤੋਂ ਬਾਅਦ ਉਹ ਲਾਲ ਸਿੰਘ ਰੋਡ ਮੋਗਾ ਸਥਿਤ ਪ੍ਰਿੰਸ ਦੇ ਘਰ ਗਏ। ਉਨ੍ਹਾਂ ਦੇਖਿਆ ਕਿ ਛੋਟੇ ਜਿਹੇ ਕਮਰੇ ਦੀ ਛੱਤ ਜਗ੍ਹਾ ਜਗ੍ਹਾ ਤੋਂ ਚੋਅ ਰਹੀ ਸੀ ਤੇ ਕਿਸੇ ਵੇਲ੍ਹੇ ਵੀ ਡਿੱਗ ਸਕਦੀ ਸੀ। ਉਹੀ ਕਮਰਾ ਉਨ੍ਹਾਂ ਵੱਲੋਂ ਬੈਡਰੂਮ, ਬਾਥਰੂਮ ਅਤੇ ਕਿਚਨ ਵਜੋਂ ਵਰਤਿਆ ਜਾ ਰਿਹਾ ਸੀ। ਇਨ੍ਹਾਂ ਮਾੜੇ ਹਾਲਾਤਾਂ ਨੂੰ ਵੇਖ ਕੇ ਸਮਾਜ ਸੇਵੀਆਂ ਨੇ ਇਨ੍ਹਾਂ ਨੂੰ ਇੱਕ ਛੋਟਾ ਮਕਾਨ ਲੈ ਕੇ ਦੇਣ ਦੀ ਸੇਵਾ ਕੀਤੀ ਹੈ।
ਇਹ ਵੀ ਪੜ੍ਹੋ: ਪਤਨੀ ਦੇ ਇਲਾਜ ਲਈ ਪਤੀ ਨੇ ਲਗਾਈ ਮਦਦ ਦੀ ਗੁਹਾਰ, ਫੂਡ ਪਾਈਪ ਖਰਾਬ ਕਾਰਨ ਦੁਖੀ
ਪ੍ਰਿੰਸ ਦੀ ਪੜਾਈ ਵੀ ਜਾਰੀ ਰਹੇਗੀ: ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਸਥਾ ਨੇ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਇਸ ਪਰਿਵਾਰ ਨੂੰ ਦੋ ਮਰਲੇ ਦਾ ਬਣਿਆ ਬਣਾਇਆ ਮਕਾਨ ਲੈ ਕੇ ਦਿੱਤਾਹੈ ਜਿਸ ਨੂੰ ਰੰਗ ਰੋਗਨ ਕਰਵਾ ਕੇ ਅੱਜ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਉਪਰੰਤ ਸੰਸਥਾ ਵੱਲੋਂ ਇਹ ਮਕਾਨ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਸਮਾਜ ਸੇਵੀ ਸੰਸਥਾਵਾਂ ਨੇ ਪ੍ਰਿੰਸ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਪਰਿਵਾਰ ਦੀ ਆਮਦਨੀ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰੀਰਕ ਦੁਸ਼ਵਾਰੀਆਂ ਸਿਰਫ ਉਨ੍ਹਾਂ ਲੋਕਾਂ ਨੂੰ ਪ੍ਰੇਸ਼ਾਨ ਕਰਦੀਆਂ ਨੇ, ਜੋ ਸਰੀਰ ਦੇ ਨਾਲ ਮਾਨਸਿਕ ਤੌਰ 'ਤੇ ਵੀ ਅਪਾਹਜ ਹੋ ਜਾਂਦੇ ਨੇ। ਉਨ੍ਹਾਂ ਨੇ ਆਪਣੇ ਵੱਲੋਂ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪ੍ਰਿੰਸ ਤੇ ਕਿਰਨ ਦੇ ਖਿੜੇ ਚਿਹਰੇ: ਪੱਕਾ ਮਕਾਨ ਦੇਖ ਕੇ ਦੋਹਾਂ ਮਾਂ-ਪੁੱਤ ਦੇ ਚਿਹਰੇ ਖੁਸ਼ੀ ਨਾਲ ਖਿੜ ਉੱਠੇ। ਦੋਹਾਂ ਨੇ ਸਮਾਜ ਸੇਵੀ ਸੰਸਥਾ ਦਾ ਵਾਰ-ਵਾਰ ਧੰਨਵਾਦ ਕੀਤਾ। ਉਨ੍ਹਾਂ ਦੋਨਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨਾ ਵੀ ਦੇਖਿਆ ਸੀ ਕਿ ਉਨ੍ਹਾਂ ਕੋਲ ਪੱਕਾ ਮਕਾਨ ਹੋਵੇਗਾ। ਕਿਰਨ ਤੇ ਪ੍ਰਿੰਸ ਨੇ ਸਮਾਜ ਸੇਵੀ ਸੰਸਥਾ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਡੀ ਮਦਦ ਕਰਨ ਵਾਲੇ ਸਾਡੇ ਨਾਲੋਂ ਵੀ ਵੱਧ ਖੁਸ਼ੀਆਂ ਪ੍ਰਾਪਤ ਕਰਨ। ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਕੋਲ ਅਪਣਾ ਵਧੀਆਂ ਘਰ ਹੈ।
ਇਹ ਵੀ ਪੜ੍ਹੋ:14 ਸਾਲਾਂ ਪ੍ਰਿੰਸ ਟ੍ਰਾਈਸਾਈਕਲ ਸਹਾਰੇ ਪਾਲ ਰਿਹੈ ਪਰਿਵਾਰ, ਪੜ੍ਹੋ ਕਿਹੋ ਜਿਹੇ ਨੇ ਘਰ ਦੇ ਹਾਲਾਤ