ਮੋਗਾ: ਜ਼ਿਲ੍ਹੇ ਦੇ ਪਿੰਡ ਧੂੜਕੋਟ ਰਣਸੀਂਹ ਤੋਂ ਇੱਕ ਕਬੱਡੀ ਖਿਡਾਰੀ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਪਹਿਲਾਂ ਉਸ ਦੇ ਘਰ ਦੇ ਬਾਹਰ ਬੁਲਾਇਆ ਗਿਆ ਤੇ ਫਿਰ ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਚਲਾ ਦਿੱਤੀਆਂ। ਜਖ਼ਮੀ ਨੌਜਵਾਨ ਜੋ ਕਿ ਆਮ ਪਾਰਟੀ ਦਾ ਸਰਪੰਚ ਉਮੀਦਵਾਰ ਵੀ ਹੈ।
ਅਣਪਛਾਤਿਆਂ ਨੇ ਘਰੋਂ ਬਾਹਰ ਬੁਲਾਇਆ: ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਮੈਨੂੰ ਪਛਾਣ ਨਹੀਂ, ਜਦੋਂ ਗੇਟ ਖੜਕਿਆ ਤਾਂ, ਉਨ੍ਹਾਂ ਨੇ ਪੁੱਤਰ ਬਿੰਦਰੂ ਬਾਰੇ ਪੁੱਛਿਆ। ਮੁਲਜ਼ਮਾ ਨੇ ਕਿਹਾ ਕਿ ਸਾਡਾ ਕਬੂਤਰ ਤੁਹਾਡੇ ਵੱਲ ਆਇਆ ਹੈ, ਤਾਂ ਬਿੰਦਰੋ ਨੂੰ ਹੁਣੇ ਬਾਹਰ ਭੇਜ ਦਿਓ। ਮਾਤਾ ਨੇ ਦੱਸਿਆ ਕਿ ਬਿੰਦਰੋ ਨੌਜਵਾਨਾਂ ਨੂੰ ਮਿਲਣ ਬਾਹਰ ਹੀ ਗਿਆ ਹੈ। ਉਹਨਾਂ ਨੌਜਵਾਨਾਂ ਦੇ ਖੜੇ-ਖੜੇ ਹੀ ਪੀੜਤ ਨੌਜਵਾਨ ਘਰ ਆ ਗਿਆ ਤੇ ਜਦੋਂ ਉਹ ਆਪਣੇ ਘਰ ਅੰਦਰ ਵੜਨ ਲੱਗਾ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਉਹ ਫਰਾਰ ਹੋ ਗਏ। ਇਸ ਤੋਂ ਬਾਅਦ ਪਰਿਵਾਰ ਜਖਮੀ ਹਾਲਤ ਵਿੱਚ ਨੌਜਵਾਨ ਨੂੰ ਹਸਪਤਾਲ ਵਿੱਚ ਲੈ ਕੇ ਆਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਵੇਰੇ ਇੱਕ ਹਰਵਿੰਦਰ ਸਿੰਘ ਬਿੰਦਰੂ ਉੱਤੇ ਗੋਲੀ ਚਲਾਉਣ ਦੀ ਸੂਚਨਾ ਮਿਲੀ। ਦੋ ਅਣਪਛਾਤੇ ਵਿਅਕਤੀ ਮੋਟਰਸਾਇਕਲ ਉੱਤੇ ਆਏ, ਜਿਨ੍ਹਾਂ ਨੇ ਬਿੰਦਰੂ ਉੱਤੇ ਗੋਲੀ ਚਲਾਈ। ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜੋ ਕਿ ਉਸੇ ਪਿੰਡ ਦਾ ਰਹਿਣ ਵਾਲਾ ਜਗਵੀਰ ਸਿੰਘ ਜੱਗਾ, ਇਸ ਸਮੇਂ ਵਿਦੇਸ਼ ਵਿੱਚ ਹੈ, ਨੇ ਭਵਿੱਖ ਵਿੱਚ ਬਿੰਦਰੂ ਦੇ ਚੋਣ ਵਿੱਚ ਹਿੱਸਾ ਨਾ ਲੈਣ ਲਈ ਕੀਤਾ ਹੈ। ਅੱਗੇ ਮਾਮਲੇ ਦੀ ਜਾਂਚ ਜਾਰੀ ਹੈ, ਜਲਦ ਹੀ ਮੋਟਰਸਾਈਕਲ ਸਵਾਰਾਂ ਤੇ ਮੁੱਖ ਸਾਜਿਸ਼ਕਰਤਾ ਨੂੰ ਕਾਬੂ ਕਰ ਲਿਆ ਜਾਵੇਗਾ। - ਜੇ ਏਲਨਚੇਲੀਅਨ, ਐਸਐਸਪੀ
ਘਟਨਾ ਦੀ ਸੀਸੀਟੀਵੀ ਆਈ ਸਾਹਮਣੇ: ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆ ਚੁੱਕੀ ਹੈ। ਸੀਸੀਟੀਵੀ ਵਿੱਚ ਦੇਖਿਆ ਗਿਆ ਹੈ ਕਿ ਦੋ ਨੌਜਵਾਨ ਮਫਰਲ ਨਾਲ ਮੂੰਹ ਢੱਕ ਕੇ ਮੋਟਰਸਾਈਕਲ ਉੱਤੇ ਜਖਮੀ ਬਿੰਦਰੋ ਦੇ ਘਰ ਬਾਹਰ ਪਹੁੰਚਦੇ ਹਨ। ਪਹਿਲਾਂ ਇਕ ਵਿਅਕਤੀ ਵਲੋਂ ਉਤਰ ਕੇ ਦਰਵਾਜ਼ਾ ਖੜਕਾਇਆ ਗਿਆ। ਫਿਰ ਥੋੜੀ ਦੇਰ ਬਾਅਦ ਹੀ ਮੋਟਰ ਸਾਇਕਲ ਚਲਾਉਣ ਵਾਲਾ ਨੌਜਵਾਨ ਹੇਠਾਂ ਉਤਰਿਆ ਅਤੇ ਗੇਟ ਕੋਲ ਜਾ ਕੇ ਬਿੰਦਰੂ ਨੂੰ ਗੋਲੀ ਮਾਰੀ ਅਤੇ ਦੋਨੋਂ ਜਣੇ ਮੌਕੇ ਉੱਤੇ ਮੋਟਰਸਾਇਕਲ ਉੱਤੇ ਹੀ ਫ਼ਰਾਰ ਹੋ ਗਏ।
ਜ਼ਿਕਰਯੋਗ ਹੈ ਕਿ ਬਿੰਦਰੂ ਧੂਰਕੋਟ ਨੇ ਕੁੱਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਅਗਾਮੀ ਪੰਚਾਇਤੀ ਚੋਣਾਂ ਵਿੱਚ ਸਰਪੰਚੀ ਦੀ ਚੋਣ ਲੜਨ ਦਾ ਵੀ ਐਲਾਨ ਕਰ ਚੁੱਕਾ ਸੀ। ਸੂਤਰਾਂ ਤੋਂ ਮਿਲੀਆਂ ਖਬਰਾਂ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਉਕਤ ਖਿਡਾਰੀ ਨੂੰ ਧਮਕੀਆਂ ਵੀ ਮਿਲ ਰਹੀਆਂ ਸਨ।
ਪੁਲਿਸ ਕਰ ਰਹੀ ਮਾਮਲੇ ਦਾ ਜਾਂਚ: ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਧੂੜਕੋਟ ਰਣਸੀਂਹ ਤੋਂ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਧ ਉਹ ਟੀਮ ਨਾਲ ਇੱਥੇ ਪਹੁੰਚੇ ਹਨ। ਮਾਮਲੇ ਦੀ ਹਰ ਪੱਖ ਤੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਕਿਸੇ ਗੈਂਗਸਟਰ ਦਾ ਹੱਥ ਹੈ ਜਾਂ ਨਹੀਂ ਇਹ ਵੀ ਅਜੇ ਜਾਂਚ ਦਾ ਵਿਸ਼ਾ ਹੈ। ਫਿਲਹਾਲ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਬਾਕੀ ਜਖਮੀ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਬਿਆਨ ਦਰਜ ਕੀਤੇ ਜਾਣਗੇ ਅਤੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।