ਮੋਗਾ: ਸ਼ਹਿਰ ਵਿੱਚ ਇੱਕ ਬੰਦ ਮਕਾਨ ਅੰਦਰ ਪਏ ਕਬਾੜ ਵਿੱਚੋਂ ਨੌਜਵਾਨ ਦੀ ਭੇਦ ਭਰੇ ਹਲਾਤਾਂ ਵਿੱਚ ਗਲੀ ਸੜੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦਾ ਪਰਿਵਾਰ ਲੁਧਿਆਣਾ ਰਹਿੰਦਾ ਹੈ ਅਤੇ ਮੋਗਾ ਵਿੱਚ ਜਿਸ ਘਰ ਵਿੱਚੋਂ ਉਸ ਦੀ ਲਾਸ਼ ਮਿਲੀ ਹੈ ਉਹ ਘਰ ਵੀ ਉਨ੍ਹਾਂ ਦਾ ਹੀ ਸੀ। ਮ੍ਰਿਤਕ ਦੀ ਪਛਾਣ ਨਵਦੀਪ ਗਿੱਲ ਵਜੋਂ ਹੋਈ ਹੈ।
ਮ੍ਰਿਤਕ ਆਪਣੇ ਘਰਦਿਆਂ ਦਾ ਇੱਕੋ-ਇੱਕ ਪੁੱਤਰ ਸੀ ਜੋ ਕਿ ਘਰੋਂ ਚੰਡੀਗੜ੍ਹ ਜਾਣ ਦਾ ਕਹਿ ਕੇ ਚਲਾ ਗਿਆ ਸੀ ਅਤੇ ਮੋਗਾ ਸਥਿਤ ਘਰ ਵਿੱਚ ਆ ਕੇ ਰਹਿਣ ਲੱਗਾ। ਆਸ-ਪਾਸ ਰਹਿੰਦੇ ਲੋਕਾਂ ਨੂੰ ਘਰ ਵਿੱਚੋਂ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਨੂੰ ਛੱਕ ਹੋਇਆ ਕਿ ਘਰ ਵਿੱਚ ਕੋਈ ਚੀਜ਼ ਮਰੀ ਪਈ ਹੈ।
ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਜਾਣਕਾਰੀ ਮੋਗਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਘਰ ਦੇ ਮਾਲਕਾਂ ਨੂੰ ਬੁਲਾਇਆ ਗਿਆ ਕਿ ਉਨ੍ਹਾਂ ਦੇ ਘਰ ਵਿੱਚ ਕੋਈ ਚੀਜ਼ ਮਰੀ ਪਈ ਹੈ। ਮ੍ਰਿਤਕ ਦਾ ਪਿਤਾ ਬਲਵੰਤ ਸਿੰਘ ਮੌਕੇ ਉੱਤੇ ਪਹੁੰਚਿਆ ਅਤੇ ਜਦੋਂ ਘਰ ਦੇ ਦਰਵਾਜ਼ੇ ਖੋਲ੍ਹੇ ਤਾਂ ਅੰਦਰ ਇੱਕ ਨੌਜਵਾਨ ਨਗਨ ਹਾਲਤ ਵਿੱਚ ਮਰਿਆ ਪਿਆ ਸੀ। ਉਸ ਦੀ ਲਾਸ਼ ਬੁਰੀ ਤਰ੍ਹਾਂ ਗਲੀ ਸੜੀ ਪਈ ਸੀ। ਮ੍ਰਿਤਕ ਦੇ ਪਿਤਾ ਨੇ ਲਾਸ਼ ਨੂੰ ਪਛਾਣ ਲਿਆ ਹੈ।
ਇਸ ਮੌਕੇ ਸਮਾਜ ਸੇਵਾ ਸੰਸਥਾ ਨੂੰ ਵੀ ਬੁਲਾਇਆ ਗਿਆ ਜਿਸ ਦੇ ਮੁਖੀ ਗੁਰਸੇਵਕ ਸਿੰਘ ਸਨਿਆਸੀ ਨੇ ਦੱਸਿਆ ਉਨ੍ਹਾਂ ਨੂੰ ਪੁਲਿਸ ਨੇ ਬੁਲਾਇਆ ਸੀ ਕਿ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਆਪਣੇ ਸਾਥੀਆਂ ਨਾਲ ਮਿਲ ਕੇ ਲਾਸ਼ ਨੂੰ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਲਾਸ਼ ਲਗਭਗ 10 ਤੋਂ 15 ਦਿਨ ਪਹਿਲਾਂ ਦੀ ਹੈ।
ਮੌਕੇ ਉੱਤੇ ਪੁੱਜੇ ਡੀਐਸਪੀ ਪਰਮਜੀਤ ਸਿੰਘ ਦਾ ਕਹਿਣਾ ਹੈ ਉਨ੍ਹਾਂ ਨੂੰ ਸਰਦਾਰ ਨਗਰ ਦੇ ਮੁਹੱਲਾ ਨਿਵਾਸੀਆਂ ਨੇ ਸੂਚਨਾ ਦਿੱਤੀ ਸੀ ਕਿ ਇੱਕ ਘਰ ਅੰਦਰ ਬਹੁਤ ਗੰਦੀ ਬਦਬੂ ਆ ਰਹੀ ਹੈ। ਘਰ ਦੇ ਮਾਲਕ ਬਲਵੰਤ ਸਿੰਘ ਜੋ ਕਿ ਬਿਜਲੀ ਬੋਰਡ ਵਿਚੋਂ ਰਿਟਾਇਰਡ ਐਕਸੀਅਨ ਹਨ, ਉਨ੍ਹਾਂ ਨੂੰ ਨਾਲ ਲੈ ਕੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਉੱਥੇ ਨੌਜਵਾਨ ਦੀ ਲਾਸ਼ ਪਈ ਸੀ ਜੋ ਬਲਵੰਤ ਸਿੰਘ ਦੇ ਪੁੱਤਰ ਨਵਦੀਪ ਗਿੱਲ ਦੀ ਸੀ। ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।