ਮੋਗਾ: ਅਨੁਸੂਚਿਤ ਜਾਤੀਆਂ ਦੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਪੰਜਾਬ ਵਿੱਚ ਦਲਿਤ ਪਰਿਵਾਰਾਂ ਉਪਰ ਹੋਏ ਅੱਤਿਆਚਾਰਾਂ ਦਾ ਨੋਟਿਸ ਲੈਂਦਿਆਂ ਮੋਗਾ ਅਤੇ ਸੰਗਰੂਰ ਵਿੱਚ ਪੀੜਤ ਪਰਿਵਾਰਾਂ ਨੂੰ ਮਿਲੇ। ਸਾਂਪਲਾ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਬਾਰੇ ਕਾਨੂੰਨ ਤਹਿਤ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਪੈਨਸ਼ਨ ਤੋਂ ਇਲਾਵਾ ਪਰਿਵਾਰ ਦੇ ਯੋਗ ਮੈਂਬਰਾਂ ਨੂੰ ਨੌਕਰੀ ਅਤੇ ਗਰੈਜੂਏਸ਼ਨ ਤੱਕ ਮੁਫਤ ਪੜਾਈ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਪਰਿਵਾਰ ਨੂੰ ਵਾਈਯੋਗ ਜਮੀਨ ਵੀ ਦਿੱਤੀ ਜਾਵੇ। ਮੋਗਾ ਜ਼ਿਲ੍ਹੇ ਦੇ ਸੇਖਾ ਖੁਰਦ ਪਿੰਡ ’ਚ ਪੀੜਤ ਪਰਿਵਾਰ ਨਾਲ ਗੱਲਬਾਤ ਕਰਦਿਆਂ, ਜਿਸ ਦੀਆਂ 2 ਕੁੜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਸਾਂਪਲਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਦੇ ਦੁਖੜੇ ਸੁਣਦਿਆਂ ਸਾਂਪਲਾ ਨੇ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਦਲਦ ਹੀ ਇਨਸਾਫ ਮਿਲੇਗਾ। ਦੋਵੇਂ ਸਕੀਆਂ ਭੈਣਾਂ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਲਾਇਆ ਜਾਵੇ।
ਪੀੜਤਾਂ ਨੂੰ ਦਿੱਤਾ ਜਾਵੇ ਇਨਸਾਫ: ਸਾਂਪਲਾ
ਸਾਂਪਲਾ ਨੇ ਪੰਜਾਬ ਪੁਲਿਸ ਵੱਲੋਂ ਇਨ੍ਹਾਂ ਘਟਨਾਵਾਂ ਪ੍ਰਤੀ ਵਿਖਾਈ ਗਈ ਉਦਾਸੀਨਤਾ ਅਤੇ ਢਿੱਲ ਉਪਰ ਨਾਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਮੋਗਾ ਅਤੇ ਸੰਗਰੂਰ ਪੁਲਿਸ ਨੂੰ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰ ਕੇ ਪੀੜਤਾਂ ਨੂੰ ਇਨਸਾਫ ਦੇਣ ਲਈ ਹਦਾਇਤ ਕੀਤੀ ਗਈ ਹੈ।
18 ਮਾਰਚ ਨੂੰ ਇੱਕ ਘਿਨਾਉਣੀ ਘਟਨਾ ਵਿੱਚ ਸੇਖਾ ਖੁਰਦ ਦੇ ਢਾਬਾ ਵਰਕਰ ਦੀਆਂ ਦੋ ਧੀਆਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਗੁਰਵੀਰ ਸਿੰਘ ਨੂੰ ਗਿਰਫਤਾਰ ਕਰ ਲਿਆ ਸੀ, ਜੋ ਕਾਂਗਰਸੀ ਸਰਪੰਚ ਦਾ ਪੁੱਤਰ ਹੈ। ਦੂਜੀ ਘਟਨਾ ਵਿਚ ਸੰਗਰੂਰ ਜਿਲੇ ਦੇ ਭਸੌੜ ਪਿੰਡ ’ਚ ਸਰਪੰਚ ਨੇ 11 ਤੋਂ 13 ਸਾਲ ਦੇ ਚਾਰ ਮੁੰਡਿਆਂ ਦੀ ਕੁੱਟਮਾਰ ਕੀਤੀ ਸੀ ਅਤੇ ਉਨ੍ਹਾਂ ਦੇ ਹੱਥ ਬੰਨ ਕੇ ਉਨ੍ਹਾਂ ਨੂੰ ਪਿੰਡ ’ਚ ਘੁਮਾਇਆ ਸੀ।