ਮੋਗਾ: ਉੱਘੇ ਸਮਾਜ ਸੇਵੀ ਅਤੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ (Sonu Sood and Malvika Sood) ਨੇ ਦੌਲਤਪੁਰਾ ਨੀਵਾਂ ਵਿਖੇ ਵਿਦਿਆਰਥਣਾਂ ਅਤੇ ਆਸ਼ਾ ਵਰਕਰਾਂ ਨੂੰ ਸਾਇਕਲ ਵੰਡੇ ਗਏ ਹਨ। ਹਲਕੇ ਦੇ ਪੰਚਾਂ ਸਰਪੰਚਾਂ ਅਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਦਾਕਾਰ ਸੋਨੂ ਸੂਦ ਅਤੇ ਮਾਲਵਿਕਾ ਸੂਦ ਨੇ ਕਿਹਾ ਕਿ ਉਹ ਮੋਗਾ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਤਤਪਰ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਉਨ੍ਹਾਂ ਤੋਂ ਕਿਸੇ ਤਰ੍ਹਾਂ ਦੀ ਮਦਦ ਲੈ ਸਕਦਾ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਿੰਨ੍ਹੀਆਂ ਵੀ ਵਿਦਿਆਰਥਣਾਂ ਇਸ ਸਮੇਂ ਹਾਜ਼ਿਰ ਹੋਈਆਂ ਹਨ ਸਾਰੀਆਂ ਹੀ ਮੋਗੇ ਦੀਆਂ ਧੀਆਂ ਹਨ ਅਤੇ ਉਹ ਪੜ੍ਹਾਈ ਵਿੱਚ ਵੱਧ ਤੋਂ ਵੱਧ ਧਿਆਨ ਲਗਾ ਕੇ ਆਪਣੇ ਮਾਤਾ ਪਿਤਾ ਅਤੇ ਪਿੰਡ ਦਾ ਨਾਂ ਰੌਸ਼ਨ ਕਰਨ। ਇਸ ਮੌਕੇ ਸਤਾਈ ਪਿੰਡਾਂ ਦੇ ਆਸਪਾਸ ਸਕੂਲੀ ਵਿਦਿਆਰਥਣਾਂ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ। ਪਹੁੰਚੇ ਹੋਏ ਸਮੂਹ ਵਿਦਿਆਰਥੀਆਂ ਦੇ ਸਟਾਫ਼ ਨੇ ਸੋਨੂੰ ਸੂਦ ਦੇ ਪਰਿਵਾਰ ਨੂੰ ਜੀ ਆਇਆਂ ਆਖਿਆ ਅਤੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਸੋਨੂੰ ਸੂਦ ਨੇ ਪੰਚਾਂ ਸਰਪੰਚਾਂ ਨਾਲ ਗੱਲਾਂਬਾਤਾਂ ਕੀਤੀਆਂ ਅਤੇ ਵਿਦਿਆਰਥੀਆਂ ਨਾਲ ਸੈਲਫੀਆਂ ਵੀ ਲਈਆਂ।
ਅਦਾਕਾਰ ਸੋਨੂੰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਜਿਸ ਹਲਕੇ ਵਿੱਚ ਉਨ੍ਹਾਂ ਦੀ ਭੈਣ ਵੱਲੋਂ ਚੋਣ ਲੜੀ ਜਾਣੀ ਇਹ ਸਾਇਕਲ ਇਕੱਲੇ ਉੱਥੇ ਹੀ ਨਹੀਂ ਵੰਡੇ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਕਿਤੇ ਵੀ ਉਨ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਉਹ ਹਰ ਲੋੜਵੰਦ ਦੀ ਮਦਦ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥਣ ਦੀ ਉਹ ਹਰ ਥਾਂ ਮਦਦ ਕਰਨ ਲਈ ਤਿਆਰ ਹਨ। ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈਕੇ ਸੋਨੂੰ ਸੂਦ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਧਿਆਨ ਰੱਖਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਮਾਲਵਿਕਾ ਸੂਦ ਨੇ ਕਿਹਾ ਕਿ ਸਾਇਕਲ ਵੰਡਣਾ ਸ਼ੁਰੂਆਤ ਹੈ। ਉਨ੍ਹਾਂ ਪੰਜਾਬ ਦੀਆਂ ਧੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੇ ਰਲ ਮਿਲ ਕੇ ਚੱਲਣਾ ਹੈ ਅਤੇ ਹੁਣ ਪੈਦਲ ਨਹੀਂ ਸਗੋ ਪੈਡਲ ਮਾਰਕੇ ਚੱਲਣਾ ਹੈ।
ਸਾਇਕਲਾਂ ਦੀ ਵੰਡ ਮੌਕੇ ਆਸ ਪਾਸ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਿਰ ਹੋਏ। ਇਸ ਮੌਕੇ ਇੰਦਰਜੀਤ ਸਿੰਘ ਬੀੜ ਚੜਿੱਕ ਚੇਅਰਮੈਨ ਪਲੈਨਿੰਗ ਬੋਰਡ ਮੋਗਾ, ਸਾਬਕਾ ਵਿਧਾਇਕ ਵਿਜੇ ਸਾਥੀ, ਸਰਪੰਚ ਜਸਪਾਲ ਸਿੰਘ ਡਰੋਲੀ ਭਾਈ, ਸਰਪੰਚ ਗੁਰਵਿੰਦਰ ਸਿੰਘ ਮੰਗੇਵਾਲਾ, ਪ੍ਰਧਾਨ ਜੰਗਪਾਲ ਸਿੰਘ ਕਾਲੀਏਵਾਲਾ, ਹਿੰਦਾ ਬਰਾੜ, ਗੁਰਦੇਵ ਸਿੰਘ ਗਿੱਲ, ਗੁਰਜੰਟ ਸਿੰਘ ਮਾਨ, ਸਾਬਕਾ ਸਰਪੰਚ ਨਿਰਮਲ ਸਿੰਘ ਸੱਦਾ ਸਿੰਘ ਵਾਲਾ, ਰਮਨ ਮੱਕੜ ਮੋਗਾ, ਕੇਵਲ ਸਿੰਘ ਕਾਹਨ ਸਿੰਘ ਵਾਲਾ ਬਘੇਲੇਵਾਲਾ, ਝੰਡ, ਦੌਲਤਪੁਰਾ ਨੀਵਾਂ, ਰੱਤੀਆਂ, ਅਤੇ ਹੋਰ ਵੀ ਆਸ ਪਾਸ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਵਸਨੀਕ ਹਾਜ਼ਿਰ ਸਨ।
ਇਹ ਵੀ ਪੜ੍ਹੋ: ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਕਰੀਬ 10 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ