ਮੋਗਾ: ਜ਼ਿਲ੍ਹੇ ਦੇ ਪਿੰਡ ਤਤਾਰੀਏਵਾਲਾ ਵਿੱਚ ਇੱਕ ਜਵਾਈ ਵੱਲੋਂ ਸਹੁਰੇ ਘਰ ਕੰਧ ਟੱਪ ਕੇ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਉਕਤ ਮੈਂਬਰਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਗੁਰਮੁਖ ਸਿੰਘ ਨਾਮੀ ਵਿਅਕਤੀ ਨੇ ਆਪਣੇ ਪਿੰਡ ਖੋਸਾ ਪਾਂਡੋ ਜਾ ਕੇ ਖੁਦ ਵੀ ਖੁਦਕੁਸ਼ੀ ਕਰ ਲਈ। ਓਧਰ ਜ਼ਖ਼ਮੀਆਂ ਵਿਅਕਤੀਆਂ ਨੂੰ ਫਰੀਦਕੋਟ ਵਿਖੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦਾ ਪਤਾ ਚੱਲਦਿਆਂ ਮੌਕੇ ਉੱਪਰ ਪੁਲਿਸ ਪਹੁੰਚੀ ਹੈ। ਪੁਲਿਸ ਨੇ ਬਰੀਕੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਦੋ ਵਜੇ ਦੇ ਕਰੀਬ ਉਨ੍ਹਾਂ ਦਾ ਜੀਜਾ ਕੰਧ ਟੱਪ ਕੇ ਘਰ ਵਿਚ ਦਾਖਲ ਹੋਇਆ ਜਿਸ ਨੇ ਪਰਿਵਾਰ ਦੇ ਸੁੱਤੇ ਪਏ ਸਾਰੇ ਜੀਆਂ ਉਪਰ ਕਿਰਪਾਨ ਨਾਲ ਵਾਰ ਕੀਤੇ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਕੇ ਫਰਾਰ ਹੋ ਗਿਆ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
ਮੌਕੇ ’ਤੇ ਪੁੱਜੇ ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਸਰਵਣ ਸਿੰਘ ਵਾਸੀ ਤਤਾਰੀਏਵਾਲਾ ਦੀ ਲੜਕੀ ਪਰਮਜੀਤ ਕੌਰ ਗੁਰਮੁਖ ਸਿੰਘ ਵਾਸੀ ਖੋਸਾ ਪਾਂਡੋ ਨਾਲ ਵਿਆਹੀ ਹੋਈ ਸੀ ਜਿੰਨ੍ਹਾਂ ਦਾ ਕੁਝ ਦਿਨਾਂ ਤੋਂ ਤਕਰਾਰਬਾਜ਼ੀ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣਾ ਘੱਲ ਕਲਾਂ ਵਿਖੇ ਬੁਲਾਇਆ ਸੀ ਪਰ ਰਾਤ ਕਰੀਬ ਦੋ ਵਜੇ ਗੁਰਮੁਖ ਤਤਾਰੀਏਵਾਲਾ ਆਪਣੇ ਸਹੁਰੇ ਘਰ ਵਿੱਚ ਦਾਖਲ ਹੋਇਆ ਜਿੱਥੇ ਉਸ ਨੇ ਕਿਰਪਾਨ ਨਾਲ ਆਪਣੀ ਪਤਨੀ ਸਮੇਤ ਘਰ ਦੇ ਚਾਰ ਮੈਂਬਰਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।
ਜ਼ਖਮੀ ਵਿਅਕਤੀਆਂ ਨੂੰ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਹ ਵੀ ਪਤਾ ਚੱਲਿਆ ਹੈ ਕਿ ਹਮਲਾਵਰ ਗੁਰਮੁਖ ਸਿੰਘ ਨੇ ਆਪਣੇ ਪਿੰਡ ਜਾ ਕੇ ਬਾਅਦ ਵਿਚ ਸੁਸਾਇਡ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।
ਉੱਥੇ ਪਿੰਡ ਖੋਸਾ ਪਾਂਡੋ ’ਤੇ ਸਰਪੰਚ ਨੇ ਦੱਸਿਆ ਕਿ ਗੁਰਮੁਖ ਸਿੰਘ ਦਾ ਘਰੇਲੂ ਝਗੜਾ ਚੱਲ ਰਿਹਾ ਸੀ ਜਿਸਦੇ ਚੱਲਦੇ ਸਵੇਰੇ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਆਪਣੇ ਸਹੁਰੇ ਪਰਿਵਾਰ ਜਾ ਕੇ ਇਹ ਵਾਰਦਾਤ ਕਰਕੇ ਆਇਆ ਹੈ ।
ਇਹ ਵੀ ਪੜ੍ਹੋ: ਬੈਂਕ ’ਚ ਗੈਂਗਸਟਰ ਗੋਲਡੀ ਬਰਾੜ ਦਾ ਖਾਤਾ ਖੁੱਲ੍ਹਵਾਉਣ ਪਹੁੰਚਿਆ ਨੌਜਵਾਨ ! ਬੈਂਕ ਅਧਿਕਾਰੀਆਂ ਨੂੰ ਪਈਆਂ ਭਾਜੜਾਂ!