ਮੋਗਾ : ਪਿਛਲੇ ਚਾਰ ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਸਫਾਈ ਮਹਿਲਾ ਮੁਲਾਜ਼ਮ ਪਾਣੀ ਦੀ ਟੈਂਕੀ 'ਤੇ ਚੜ੍ਹ ਗਈ। ਮੌਕੇ ਤੇ ਪਹੁੰਚੀ ਪੁਲਿਸ਼ ਨੇ ਮਹਿਲਾ ਨੂੰ ਸਮਝਾਕੇ ਥਲੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਆਪਣੀ ਮੰਗ ਤੇ ਅੜੀ ਰਹੀ ਠੇਕੇਦਾਰ ਤੋਂ 4 ਮਹੀਨਿਆਂ ਦੀ ਤਨਖਾਹ ਨਾ ਮਿਲਣ ਦੇ ਰੋਹ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਪਿਛਲੇ ਕਈ ਦਿਨਾਂ ਤੋਂ ਉਹ ਤਨਖਾਹ ਦੀ ਮੰਗ ਕਰ ਰਹੇ ਸਨ। ਅਤੇ ਪਿਛਲੇ 8 ਦਿਨਾਂ ਤੋਂ ਮੋਗਾ ਦੇ ਸਿਵਲ ਹਸਪਤਾਲ ਵਿੱਚ ਵੀ ਧਰਨਾ ਦੇ ਰਹੇ ਸਨ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਟੈਂਕੀ 'ਤੇ ਚੜ੍ਹੀ ਔਰਤ ਸੁਖਦੀਪ ਕੌਰ ਨੇ ਦੱਸਿਆ ਕਿ ਤਨਖ਼ਾਹ ਨਾ ਮਿਲਣ ਕਾਰਨ ਘਰ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਹੈ ਅਤੇ ਪਿਛਲੇ 8 ਦਿਨਾਂ ਤੋਂ ਤਨਖ਼ਾਹ ਦੀ ਮੰਗ ਨੂੰ ਲੈ ਕੇ ਮੋਗਾ ਦੇ ਸਿਵਲ ਹਸਪਤਾਲ 'ਚ ਧਰਨਾ ਚੱਲ ਰਿਹਾ ਹੈ, ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਪਰ ਠੇਕੇਦਾਰ ਅਤੇ ਸਰਕਾਰੀ ਹਸਪਤਾਲ ਪ੍ਰਸ਼ਾਸਨ ਮੋਗਾ ਵੱਲੋਂ ਲੰਮੇ ਸਮੇਂ ਤੋਂ ਲਾਰੇ ਲਾ ਕੇ ਟਾਈਮ ਟਪਾਊ ਨੀਤੀ ਅਪਣਾਈ ਜਾ ਰਹੀ ਹੈ।
ਮਹਿਲਾ ਮੁਲਾਜ਼ਮ ਨੇ ਆਪਣੇ ਬੱਚਿਆਂ ਦੀ ਭੁੱਖ ਨੂੰ ਨਾ ਸਹਾਰਦੇ ਹੋਏ ਚੜ੍ਹੀ : ਸੋਮਵਾਰ ਨੂੰ ਅੱਠਵੇਂ ਦਿਨ ਧਰਨੇ ਦੌਰਾਨ ਸਥਿਤੀ ਹੋਰ ਵੀ ਗੰਭੀਰ ਬਣ ਗਈ, ਜਦੋਂ ਇਕ ਮਹਿਲਾ ਮੁਲਾਜ਼ਮ ਨੇ ਆਪਣੇ ਬੱਚਿਆਂ ਦੀ ਭੁੱਖ ਨੂੰ ਨਾ ਸਹਾਰਦੇ ਹੋਏ ਸਰਕਾਰੀ ਹਸਪਤਾਲ ਵਿਚ ਬਣੀ ਪਾਣੀ ਵਾਲੀ ਕੰਡਮ ਟੈਂਕੀ ਦੇ ਸਿੱਖਰ 'ਤੇ ਜਾ ਚੜ੍ਹੀ ਤੇ ਕੁੱਝ ਪੱਤਰਕਾਰ ਵੀ ਪੀੜਤ ਦੇ ਪਿੱਛੇ ਟੈਂਕੀ 'ਤੇ ਜਾ ਚੜ੍ਹੇ ਤੇ ਉਸ ਕੋਲੋਂ ਟੈਂਕੀ 'ਤੇ ਚੜ੍ਹਨ ਦੇ ਕਾਰਨਾਂ ਬਾਰੇ ਸਾਰੀ ਜਾਣਕਾਰੀ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਊਟਸੋਰਸ ਮੁਲਾਜ਼ਮ ਪੀੜਤ ਔਰਤ ਸੁਖਦੀਪ ਕੌਰ ਵਾਸੀ ਪਿੰਡ ਨਾਹਲ ਖੋਟੇ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੇ ਸਾਥੀਆਂ ਸਮੇਤ ਡਿਊਟੀ 'ਤੇ ਆ ਰਹੀ ਹੈ, ਪਰ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਾ ਮਿਲਣ ਕਰ ਕੇ ਘਰ ਦਾ ਗੁਜ਼ਾਰਾ ਕਰਨ ਬੜਾ ਮੁਸ਼ਕਿਲ ਹੋ ਗਿਆ ਤੇ ਉਨ੍ਹਾਂ ਦੀ ਗੱਲ ਨਾ ਤਾਂ ਠੇਕੇਦਾਰ ਸੁਣ ਰਿਹਾ ਤੇ ਨਾ ਹੀ ਸਰਕਾਰੀ ਹਸਪਤਾਲ ਦੇ ਅਧਿਕਾਰੀ ਸੁਣ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਕੰਮਕਾਰ ਬੰਦ ਕਰ ਕੇ ਆਪਣੀਆਂ ਤਨਖਾਹਾਂ ਲੈਣ ਲਈ ਮਜਬੂਰ ਹੋ ਕੇ ਸਰਕਾਰੀ ਹਸਪਤਾਲ ਵਿਚ ਧਰਨਾ ਲਾਇਆ ਹੋਇਆ ਹੈ।
ਜਥੇਬੰਦੀਆਂ ਨੇ ਵੀ ਦਿੱਤਾ ਸਾਥ : ਉਨ੍ਹਾਂ ਕਿਹਾ ਕਿ ਲਗਾਤਾਰ ਚੱਲ ਰਹੇ ਧਰਨੇ ਦੇ ਬਾਵਜੂਦ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਅਤੇ ਠੇਕੇਦਾਰ ਦੇ ਕੰਨਾਂ 'ਤੇ ਕੋਈ ਜੂੰ ਵੀ ਨਹੀਂ ਸਰਕੀ ਤੇ ਉਨ੍ਹਾਂ ਵੱਲੋਂ ਦੁਕਾਨਦਾਰ ਦਾ ਉਧਾਰ ਨਾ ਦੇਣ 'ਤੇ ਹੁਣ ਉਨ੍ਹਾਂ ਨੂੰ ਮੁਹੱਲੇ ਦੇ ਦੁਕਾਨਦਾਰਾਂ ਵੱਲੋਂ ਉਨ੍ਹਾਂ ਨੂੰ ਉਧਾਰ ਵਿਚ ਸਾਮਾਨ ਦੇਣਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੇ ਬੱਚੇ ਭੁੱਖ ਨਾਲ ਵਿਲਕ ਰਹੇ ਹਨ ਤੇ ਉਸ ਨੇ ਬੱਚਿਆਂ ਦੀ ਭੁੱਖ ਨੂੰ ਨਾ ਸਹਾਰਦੇ ਹੋਏ ਪਾਣੀ ਵਾਲੀ ਟੈਂਕੀ 'ਤੇ ਚੜ੍ਹਨ ਦਾ ਫ਼ੈਸਲਾ ਕੀਤਾ। ਜਦੋਂ ਪੁਲਿਸ ਨੂੰ ਦੇ ਪਾਣੀ ਵਾਲੀ ਟੈਂਕੀ 'ਤੇ ਚੜ੍ਹਨ ਦਾ ਪਤਾ ਲੱਗਾ ਤਾਂ ਮੌਕੇ 'ਤੇ ਹੀ ਥਾਣਾ ਸਿਟੀ ਸਾਊਥ ਦੇ ਇੰਚਾਰਜ ਐੱਸਆਈ ਅਮਨਦੀਪ ਕੰਬੋਜ ਵੱਡੀ ਗਿਣਤੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪੁੱਜੇ ਜਿੱਥੇ ਉਨ੍ਹਾਂ ਧਰਨਾ ਦੇ ਰਹੇ ਜਥੇਬੰਦੀ ਅਤੇ ਉਨ੍ਹਾਂ ਦੇ ਹੱਕ 'ਚ ਆਈਆਂ ਹੋਰ ਜਥੇਬੰਦੀਆਂ ਦੇ ਆਗੂਆਂ, ਜਿਨ੍ਹਾਂ ਵਿਚ ਐਡਵੋਕੇਟ ਵਿਜੇ ਧੀਰ, ਮਹਿੰਦਰਪਾਲ ਲੂੰਬਾ ਅਤੇ ਹਰਭਜਨ ਬਹੋਨਾ ਨਾਲ ਗੱਲਬਾਤ ਕੀਤੀ ਤੇ ਬਾਅਦ ਵਿਚ ਉਹ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਨਾਲ ਲੈ ਕੇ ਐੱਸਐੱਮਓ ਸੁਖਪ੍ਰਰੀਤ ਸਿੰਘ ਬਰਾੜ ਨੂੰ ਮਿਲੇ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : Smartcity ਲੁਧਿਆਣਾ ਬਣ ਰਹੀ 'Dustcity', ਵਿਕਾਸ ਪ੍ਰਾਜੈਕਟ ਦੀ ਮਿਆਦ ਪੂਰੀ, ਪਰ ਕੰਮ ਅਧੂਰਾ
ਜਿਸ ਤੋਂ ਬਾਅਦ ਐੱਸਐੱਮਓ ਸੁਖਪ੍ਰਰੀਤ ਸਿੰਘ ਬਰਾੜ ਨੇ ਲਿਖਤ ਭਰੋਸਾ ਦਿੱਤਾ ਕਿ ਸਿਵਲ ਹਸਪਤਾਲ ਮੋਗਾ ਦੇ ਆਊਟ ਸੋਰਸ ਮੁਲਾਜ਼ਮਾਂ ਨੂੰ ਇਕ ਮਹੀਨੇ ਦੀ ਤਨਖਾਹ ਐੱਚਐੱਮ ਕਨਟੈਕਟਰ ਮੋਗਾ ਵੱਲੋਂ ਜਾਰੀ ਕਰ ਦਿੱਤਾ ਜਾਵੇਗੀ ਅਤੇ ਤਿੰਨ ਮਹੀਨਿਆਂ ਦੀ ਤਨਖਾਹ 25 ਮਈ 2023 ਤਕ ਫੰਡ ਜਾਰੀ ਹੋਣ ਉਪਰੰਤ ਕਰ ਦਿੱਤੀ ਜਾਵੇਗੀ। ਐੱਸਐੱਮਓ ਵੱਲੋਂ ਲਿਖਤੀ ਦਿੱਤੇ ਭਰੋਸੇ ਤੋਂ ਬਾਅਦ ਆਊਟ ਸੋਰਸ ਮੁਲਜ਼ਮਾਂ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਅਤੇ ਟੈਂਕੀ 'ਤੇ ਚੜ੍ਹੀ ਮਹਿਲਾ ਮੁਲਾਜ਼ਮ ਸੁਖਦੀਪ ਕੌਰ ਨੂੰ ਸਮਾਜ ਸੇਵੀ ਹਰਭਜਨ ਬਹੋਨਾ ਨੇ ਟੈਂਕੀ 'ਤੇ ਚੜ੍ਹ ਕੇ ਉਸ ਨੂੰ ਹੇਠਾਂ ਲੈ ਕੇ ਆਏ। ਇਸ ਮੌਕੇ ਜਥੇਬੰਦੀ ਦੇ ਆਗੂ ਸੁਰਿੰਦਰ ਕੁਮਾਰ, ਸੋਨੂੰ ਕਟਾਰੀਆਂ, ਰਵਿੰਦਰ ਸਿੰਘ, ਨੀਤੂ, ਨਸੀਬ ਕੌਰ, ਸੁਨੀਤਾ ਰਾਣੀ, ਸਾਹਿਲ, ਰਾਮੇਸ਼ ਕੁਮਾਰ ਆਦਿ ਮੁਲਾਜ਼ਮ ਹਾਜ਼ਰ ਸਨ।