ਮੋਗਾ: ਐੱਸ.ਟੀ.ਐੱਫ਼ ਦੇ ਉੱਚ-ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਐੱਸ.ਟੀ.ਐੱਫ਼ ਮੋਗਾ ਦੇ ਥਾਣੇਦਾਰ ਬਲਜੀਤ ਸਿੰਘ ਸਮੇਤ 4 ਲੋਕਾਂ ਖਿਲਾਫ਼ ਨਸ਼ਾ ਤਸਕਰੀ ਕਰਨ ਅਤੇ ਭ੍ਰਿਸ਼ਟਚਾਰ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮ ਏ.ਐੱਸ.ਆਈ ਨੇ ਦੱਸਿਆ ਕਿ ਅਸੀਂ ਤਾਂ ਮਹਿਕਮੇ ਦੇ ਹੀ ਅਧਿਕਾਰੀ ਹਾਂ ਅਤੇ ਅਣਜਾਣੇ ਵਿੱਚ ਕੋਈ ਗ਼ਲਤੀ ਹੋ ਗਈ, ਇਸ ਬਾਰੇ ਸਾਨੂੰ ਕੁੱਝ ਵੀ ਨਹੀਂ ਪਤਾ। ਰੰਜਿਸ਼ ਬਾਰੇ ਪੁੱਛਣ ਉੱਤੇ ਉਸ ਨੇ ਦੱਸਿਆ ਕਿ ਇਹ ਮਾਮਲੇ ਦੀ ਸ਼ਿਕਾਇਤ ਉਸ ਦੀ ਸਕੀ ਮਾਸੀ ਦੇ ਮੁੰਡੇ ਨੇ ਹੀ ਪੁਲਿਸ ਨੂੰ ਦਿੱਤੀ ਸੀ, ਜਿਸ ਦਾ ਕਿ ਸਾਡੇ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ।
ਵਰਦੀ ਬਾਰੇ ਪੁੱਛਣ ਉੱਤੇ ਦੱਸਿਆ ਕਿ ਮੇਰੇ ਨਾਲ ਕਮਰੇ ਵਿੱਚ ਰਹਿੰਦੇ ਇੱਕ ਹੋਰ ਲੜਕੇ ਨੇ ਉਸ ਦੀ ਵਰਦੀ ਪਾ ਲਈ ਸੀ, ਪਰ ਇਹ ਵਰਦੀ ਉਸ ਨੇ ਕਮਰੇ ਵਿੱਚ ਹੀ ਪਾਈ, ਨਾ ਕਿ ਕਿਸੇ ਗ਼ਲਤ ਕੰਮ ਲਈ ਜਨਤਕ ਤੌਰ ਉੱਤੇ ਪਾਈ ਸੀ।
ਇਸ ਸਬੰਧੀ ਡੀਐਸਪੀ ਜੰਗਜੀਤ ਸਿੰਘ ਕਿਹਾ ਕਿ ਤਿੰਨਾਂ ਆਰੋਪੀਆਂ ਨੂੰ ਅਦਾਲਤ ਨੇ ਸੋਮਵਾਰ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਹੈ। ਉੱਥੇ ਹੀ ਫ਼ਰਾਰ ਚੌਥੇ ਆਰੋਪੀ ਗੁਰਮੀਤ ਸਿੰਘ ਗੱਗੂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ। ਡੀ.ਐੱਸ.ਪੀ ਨੇ ਦੱਸਿਆ ਕਿ ਆਰੋਪੀਆਂ ਤੇ ਭ੍ਰਿਸ਼ਟਚਾਰ, ਧੋਖਾਧੜੀ, ਬਲੈਕਮੇਲਿੰਗ ਅਤੇ ਨਸ਼ਾ ਤਸਕਰੀ ਨੂੰ ਸ਼ੈਲਟਰ ਕਰਨ ਦੇ ਦੋਸ਼ ਸਾਬਤ ਹੋਏ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਦੋਸ਼ੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੇ ਚੱਲਦੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।