ਮਾਨਸਾ : ਪੰਜਾਬ ਸਰਕਾਰ ਵੱਲੋਂ 15 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਨਸਾ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ।
ਇਸ ਦੌਰਾਨ ਮੰਡੀ ਵਿੱਚ ਪਹੁੰਚਣ ਵਾਲੀਆਂ ਟਰਾਲੀਆਂ ਨੂੰ ਵੀ ਸੈਨੀਟੇਜ਼ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਵੀ ਹੱਥ ਸੈਨੀਟੇਜ਼ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ ਅਤੇ ਉੱਥੇ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ 117 ਮੰਡੀਆਂ ਤੇ 100 ਸ਼ੈਲਰਾਂ ਨੂੰ ਯਾਰਡ ਐਲਾਨਿਆ ਹੋਇਆ ਹੈ ਤਾਂ ਕਿ ਸਮਾਜਿਕ ਦੂਰੀ ਰੱਖੀ ਜਾਵੇ ਤੇ ਕੋਰੋਨਾ ਦੀ ਬੀਮਾਰੀ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਮੰਡੀ ਚਾਹੁੰਦੇ ਸਮੇਂ ਮੂੰਹ ਢੱਕ ਕੇ ਰੱਖਣ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਣ।
ਮਾਨਸਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਨੇ ਕਿਹਾ ਕਿ ਸਰਕਾਰ ਦਾ ਟੋਕਨ ਸਿਸਟਮ ਵਧੀਆ ਹੈ ਪਰ ਜੇ ਕਿਸਾਨ ਨੂੰ ਸਿੱਧਾ ਉਸ ਦੇ ਨਾਂਅ ਉੱਤੇ ਟੋਕਨ ਦਿੱਤਾ ਜਾਵੇ ਤਾਂ ਬਹੁਤ ਵਧੀਆ ਹੋਵੇਗਾ। ਇਸ ਦੇ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਕਿਸਾਨ ਆਪਣੀ ਪੂਰੀ ਫ਼ਸਲ ਮੰਡੀ ਵਿੱਚ ਲਿਆ ਕੇ ਵੇਚ ਸਕੇਗਾ ਅਤੇ ਉਸ ਨੂੰ ਘਰੇ ਵੀ ਫ਼ਸਲ ਡੰਪ ਨਹੀਂ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਜੇ ਆੜ੍ਹਤੀਆਂ ਆਪਣੇ ਤੌਰ ਉੱਤੇ ਟੋਕਨ ਸਿਸਟਮ ਰਾਹੀਂ ਕਿਸਾਨਾਂ ਨੂੰ ਅਲੱਗ-ਅਲੱਗ ਟੋਕਨ ਦਿੰਦਾ ਹੈ ਤਾਂ ਕਿਸਾਨਾਂ ਨਾਲ ਆੜ੍ਹਤੀਏ ਦੇ ਸਬੰਧ ਵੀ ਖ਼ਰਾਬ ਹੋਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਨਾਂਅ ਉੱਤੇ ਸਿੱਧੇ ਟੋਕਣ ਜਾਰੀ ਦਿੱਤੇ ਜਾਣ ਤਾਂ ਕਿ ਕਿਸਾਨਾਂ ਨੂੰ ਕੋਈ ਮੰਡੀਆਂ ਚੋਂ ਆਉਣ ਸਮੇਂ ਸਮੱਸਿਆ ਨਾ ਆਵੇ।