ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਭਰੀ ਮੇਲ ਪ੍ਰਾਪਤ ਹੋਈ ਹੈ, ਜਿਸ ਵਿੱਚ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪਰਿਵਾਰ ਵੱਲੋਂ ਆਪਣੇ ਪੁੱਤ ਦੀ ਮੌਤ ਦੇ ਇਨਸਾਫ਼ ਲਈ ਲਗਾਤਾਰ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮਦਦ ਦੀ ਫਰਿਆਦ ਕੀਤੀ ਜਾਂਦੀ ਹੈ। ਇਸੇ ਦਰਮਿਆਨ ਕਈ ਵਾਰ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਧਮਕੀਆਂ ਵੀ ਮਿਲੀਆਂ ਹਨ।
ਜਾਣਕਾਰੀ ਅਨੁਸਾਰ ਇਹ ਈਮੇਲ ਰਾਜਸਥਾਨ ਤੋਂ ਆਈ ਹੈ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਲਾਰੈਂਸ ਬਿਸ਼ਨੋਈ ਦਾ ਨਾਂ ਨਾ ਲਓ, ਨਹੀਂ ਤਾਂ ਤੁਹਾਨੂੰ ਜਲਦ ਹੀ ਮਾਰ ਦੇਵਾਂਗੇ। ਇਸ ਸਬੰਧੀ ਬਲਕੌਰ ਸਿੰਘ ਵੱਲੋਂ ਥਾਣਾ ਮਾਨਸਾ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਹੈ, ਜਿਸ ਦੇ ਆਧਾਰ ਉਤੇ ਪੁਲਿਸ ਨੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਹਿਲਾਂ ਵੀ ਆਈ ਸੀ ਧਮਕੀ ਭਰੀ ਈਮੇਲ : ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਸੀ। ਉਹ ਵੀ ਰਾਜਸਥਾਨ ਤੋਂ ਹੀ ਪ੍ਰਾਪਤ ਹੋਈ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਈਮੇਲ ਭੇਜਣ ਵਾਲੇ ਦੀ ਉਮਰ ਮਹਿਜ਼ 17 ਸਾਲ ਸੀ। ਪੁਲਿਸ ਨੇ ਉਸ ਸਮੇਂ ਫੌਰੀ ਕਾਰਵਾਈ ਕਰਦਿਆਂ ਉਕਤ ਨੌਜਵਾਨ ਖ਼ਿਲਾਫ਼ ਕਾਰਵਾਈ ਕੀਤੀ ਸੀ। ਮੇਲ ਵਿੱਚ ਲਿਖਿਆ ਸੀ ਕਿ 'ਜੇਕਰ ਬੁੱਢਾ ਨਾ ਸੁਧਰਿਆ ਤਾਂ ਤੇਰੀ ਹਾਲਤ ਤੇਰੇ ਪੁੱਤਰ ਨਾਲੋਂ ਵੀ ਮਾੜੀ ਹੋਵੇਗੀ'। ਮੇਲ ਵਿੱਚ ਅੱਗੇ ਲਿਖਿਆ ਕਿ 'ਤੁਹਾਡੇ ਕਾਰਨ ਹੀ ਮਨੂੰ ਅਤੇ ਜਗਰੂਪ ਰੂਪਾ ਦਾ ਐਨਕਾਊਂਟਰ ਹੋਇਆ ਹੈ, ਤੁਹਾਡੀ ਵਾਰ-ਵਾਰ ਸ਼ਿਕਾਇਤ ਕਰਨ ਕਾਰਨ ਇਹ ਸਭ ਹੋਇਆ ਹੈ।
ਇਹ ਵੀ ਪੜ੍ਹੋ : CM Mann Resign: ਪੰਜਾਬ ਦੇ ਮੌਜੂਦਾ ਹਲਾਤਾਂ ਤੋਂ ਨਾ ਖੁਸ਼ 'ਆਪ' ਆਗੂ ਨੇ ਮੁੱਖ ਮੰਤਰੀ ਮਾਨ ਦੇ ਮੰਗਿਆ ਅਸਤੀਫ਼ਾ !
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਉਤੇ ਬੋਲੇ ਸੀ ਬਲਕੌਰ ਸਿੰਘ : ਕੁਝ ਦਿਨ ਪਹਿਲਾਂ ਇਕ ਨਿੱਜੀ ਚੈਨਲ ਦੇ ਪੱਤਰਕਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਕੀਤੀ ਸੀ,ਜਿਸ ਉਤੇ ਬੋਲਦਿਆਂ ਬਲਕੌਰ ਸਿੰਘ ਨੇ ਕਿਹਾ ਸੀ ਕਿ ਇਸ ਘਿਣੌਨੇ ਕੰਮ ਨੇ ਮੇਰੇ ਪੁੱਤਰ ਨੂੰ ਦੁਬਾਰਾ ਮਾਰ ਦਿੱਤਾ ਹੈ। ਲਾਰੈਂਸ ਦੀ ਇੰਟਰਵਿਊ ਵਿਚ ਉਸ ਨੇ ਬੜੀ ਬੇਬਾਕੀ ਨਾਲ ਕਿਹਾ ਸੀ ਕਿ ਅਸੀਂ ਇਥੋਂ ਇਨਸਾਫ ਦੀ ਉਮੀਦ ਨਹੀਂ ਰੱਖਦੇ, ਅਸੀਂ ਸਲਮਾਨ ਖਾਨ ਦਾ ਹਿਸਾਬ ਖੁਦ ਕਰਾਂਗੇ। ਸਾਰੀ ਵੀਡੀਓ ਵਿਚ ਉਸ ਨੇ ਸਮੁੱਚੇ ਭਾਰਤ ਦੀ ਨਿਆਂਪਾਲਕਾ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਪੱਲੇ ਕੀ ਹੈ ਮੈਂ ਸਿਆਸਤ ਵਿਚ ਆ ਕੇ ਕੀ ਲੈਣਾ। ਉਨ੍ਹਾਂ ਸਰਕਾਰ ਉਤੇ ਵਰ੍ਹਦਿਆਂ ਕਿਹਾ ਕਿ ਅੱਜ ਹੀ ਕਿਉਂ ਅੰਮ੍ਰਿਤਪਾਲ ਖਿਲਾਫ ਕਾਰਵਾਈ, ਅੱਜ ਹੀ ਕਿਉਂ ਇੰਟਰਨੈੱਟ ਬੰਦ, ਅੱਜ ਹੀ ਕਿਉਂ ਬੱਸਾਂ ਬੰਦ। ਉਨ੍ਹਾਂ ਕਿਹਾ ਸਰਕਾਰ ਸਾਡੀ ਆਵਾਜ਼ ਨੂੰ ਕਿੰਨੀ ਕੁ ਦਬਾ ਸਕਦੀ ਹੈ।
ਇਹ ਵੀ ਪੜ੍ਹੋ : Wanted Poster Amritpal Singh: ਨੇਪਾਲ ਬਾਰਡਰ 'ਤੇ ਲੱਗੇ ਅੰਮ੍ਰਿਤਪਾਲ ਸਿੰਘ ਦੇ ਵਾਂਟੇਡ ਪੋਸਟਰ