ਮਾਨਸਾ: ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਅਤੇ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਅਨੇਕਾਂ ਦਾਅਵੇ ਕੀਤੇ ਜਾਂਦੇ ਹਨ। ਪਰ ਮਾਨਸਾ ਦੇ ਪਿੰਡ ਤਲਵੰਡੀ ਅਕਲੀਆ ਵਿੱਚ ਇਨ੍ਹਾਂ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਵਾਟਰ ਵਰਕਸ ਹੋਣ ਦੇ ਬਾਵਜੂਦ ਵੀ ਇਸ ਪਿੰਡ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਧਰਤੀ ਹੇਠਲਾ ਪਾਣੀ ਪੀਣਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਬਹੁਤ ਵਾਰ ਵਾਟਰ ਵਰਕਸ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਪਿੰਡ ਦੇ ਲੋਕ ਕਈ ਹੋਰ ਵੀ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਉਹ ਆਉਣ ਵਾਲੇ ਦਿਨਾਂ 'ਚ ਧਰਨਾ ਦੇਣ ਲਈ ਮਜਬੂਰ ਹੋਣਗੇ।
ਪਿੰਡ ਵਾਸੀ ਭੁਪਿੰਦਰ ਸਿੰਘ ਕੁਲਦੀਪ ਸਿੰਘ ਅਤੇ ਕਾਕਾ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਪਿੰਡ ਦੇ ਨਜ਼ਦੀਕ ਤੋਂ ਨਿਕਲਣ ਵਾਲੇ ਰਜਬਾਹੇ 'ਚੋਂ ਦਿੱਤੀ ਗਈ ਹੈ ਪਰ 6 ਮਹੀਨੇ ਤੋਂ ਰਜਬਾਹੇ ਤੋਂ ਆਉਣ ਵਾਲੀ ਪਾਈਪ ਲਾਈਨ ਬੰਦ ਹੈ। ਉਨ੍ਹਾਂ ਕਿਹਾ ਕਿ ਪਾਈਪ ਦਾ ਲੈਵਲ ਰਜਬਾਹੇ ਤੋਂ ਨੀਵਾਂ ਹੈ ਅਤੇ ਪਿੰਡ ਉੱਚਾ ਹੈ ਜਿਸ ਕਾਰਨ ਪਾਣੀ ਦੀ ਪੂਰੀ ਮਾਤਰਾ ਵਿੱਚ ਵਾਟਰ ਵਰਕਸ ਤੱਕ ਸਪਲਾਈ ਨਹੀਂ ਹੋ ਰਹੀ ਅਤੇ ਵਾਟਰ ਵਰਕਸ ਦੇ ਡੱਗ ਖ਼ਾਲੀ ਪਏ ਹਨ।
ਵਾਟਰ ਵਰਕਸ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆ ਤੋਂ ਜਾਣੂ ਹੈ। ਵਿਭਾਗ ਦੇ ਜੂਨੀਅਰ ਇੰਜੀਨੀਅਰ ਰੁਪਿੰਦਰ ਕੁਮਾਰ ਨੇ ਸਪਲਾਈ ਪਾਇਪ ਦੇ ਬੰਦ ਹੋਣ ਦੀ ਗੱਲ ਮੰਨਦਿਆਂ ਕਿਹਾ ਕਿ ਪਿੰਡ ਤਲਵੰਡੀ ਅਕਲੀਆ ਦੇ ਵਾਟਰ ਵਰਕਸ ਨੂੰ ਜਾਂਦੀਆਂ ਪਾਈਪਾਂ ਮੀਂਹ ਦੇ ਪਾਣੀ ਕਾਰਨ ਉਨ੍ਹਾਂ ਵਿੱਚ ਮਿੱਟੀ ਭਰ ਜਾਣ ਦੇ ਚੱਲਦਿਆਂ ਬੰਦ ਹੋ ਚੁੱਕੀਆਂ ਹਨ ਅਤੇ ਪਾਣੀ ਦੀ ਮਾਤਰਾ ਘੱਟ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਮਨਰੇਗਾ ਤਹਿਤ ਪਾਈਪਾਂ ਸਾਫ਼ ਕਰਵਾ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਸ਼ੁੱਧ ਅਤੇ ਯੋਗ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ।