ਮਾਨਸਾ: ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਤੇ ਲਿਆਂਦੇ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਇੱਕ ਮਹੀਨੇ ਤੋਂ ਰਾਜਧਾਨੀ ਦੀ ਹਿੱਕ ਤੇ ਡੇਰੇ ਲਗਾ ਕੇ ਬੈਠੇ ਹੋਏ ਹਨ। ਦੱਸ ਦੇਈਏ ਕਿ ਕਿਸਾਨ ਸੰਘਰਸ਼ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਭਾਰੀ ਸਮਰਥਨ ਮਿਲ ਰਿਹਾ ਹੈ, ਉਥੇ ਹੀ ਹੋਰ ਵੀ ਵੱਖ ਵੱਖ ਵਰਗਾਂ ਨਾਲ ਜੁੜੇ ਲੋਕ ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਲਈ ਕਾਰਾਂ, ਗੱਡੀਆਂ ਤੇ ਹੋਰ ਸਾਧਨਾਂ ਰਾਹੀਂ ਧਰਨੇ ’ਚ ਪਹੁੰਚ ਰਹੇ ਹਨ।
ਉਥੇ ਹੀ ਜਲੂਰ ਦੇ ਅਧਿਆਪਕ ਮਨੋਜ ਕੁਮਾਰ ਨੇ ਵੀ ਕਿਸਾਨ ਸੰਘਰਸ਼ ਦਾ ਸਾਥ ਦੇਣ ਲਈ ਦਿੱਲੀ ਵੱਲ ਸਾਈਕਲ ਤੇ ਚਾਲੇ ਪਾ ਦਿੱਤੇ ਹਨ। ਮਨੋਜ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਧਿਆਪਕ ਜਥੇਬੰਦੀ ਡੀਟੀਐਫ ਦਾ ਸਰਗਰਮ ਮੈਂਬਰ ਹੈ ਪਿਛਲੇ ਦਿਨਾਂ ਤੋਂ ਉਹ ਲਗਾਤਾਰ ਪਿੰਡਾਂ ਵਿੱਚ ਅਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਕਿਸਾਨ ਸੰਘਰਸ਼ ਪ੍ਰਤੀ ਲਾਮਬੰਦ ਕਰ ਰਹੇ ਹਨ।
ਮਨੋਜ ਕੁਮਾਰ ਨੇ ਕਿਹਾ ਕਿ ਭਾਵੇਂ ਮੇਰੇ ਕੋਲ ਵਾਹੀਯੋਗ ਜ਼ਮੀਨ ਨਹੀਂ ਹੈ ਪਰ ਮੇਰੀ ਜ਼ਮੀਰ ਜਾਗਦੀ ਹੈ। ਕਿਸਾਨਾਂ ਵੱਲੋਂ ਉਗਾਇਆ ਅਨਾਜ ਖਾਣ ਨਾਲ ਹੀ ਸਾਡੇ ਪੇਟ ਦੀ ਭੁੱਖ ਮਿੱਟਦੀ ਹੈ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਈਏ।
ਉਨ੍ਹਾਂ ਕਿਹਾ ਕਿ ਜਿਥੇ ਮੇਰੇ ਹੋਰ ਸਾਥੀ ਵੱਖ ਵੱਖ ਸਾਧਨਾਂ ਰਾਹੀਂ ਦਿੱਲੀ ਪਹੁੰਚ ਚੁੱਕੇ ਹਨ ਉੱਥੇ ਹੀ ਮੈਂ ਸਾਈਕਲ ’ਤੇ ਜਾਣ ਦਾ ਫ਼ੈਸਲਾ ਇਸ ਲਈ ਕੀਤਾ ਹੈ ਤਾਂ ਜੋ ਮੈਂ ਮਹਿਸੂਸ ਕਰ ਸਕਾਂ ਸਾਡੇ ਕਿਸਾਨ ਵੀਰ ਮਾਵਾਂ ਭੈਣਾਂ ਬਜ਼ੁਰਗ ਬੱਚੇ ਕਿਵੇਂ ਅੱਤ ਦੀ ਸਰਦੀ ’ਚ ਕਿਵੇਂ ਮੋਦੀ ਸਰਕਾਰ ਦੇ ਜ਼ੁਲਮਾਂ ਦਾ ਟਾਕਰਾ ਕਰ ਰਹੇ ਹਨ?