ਮਾਨਸਾ: 24 ਜੂਨ ਨੂੰ ਦਿੱਲੀ ਪੁਲਿਸ ਨੇ ਮਾਨਸਾ ਤੋਂ ਯੂਏਪੀਏ ਕਾਨੂੰਨ ਦੇ ਤਹਿਤ ਸਿੱਖ ਵਿਅਕਤੀ ਗੁਰਤੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਗੁਰਤੇਜ ਦੇ ਘਰ ਪੁੱਜੇ। ਉਨ੍ਹਾਂ ਨੇ ਗੁਰਤੇਜ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਖਹਿਰਾ ਨੇ ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ ਤੋਂ ਗ੍ਰਿਫ਼ਤਾਰ ਕੀਤੇ ਅੰਮ੍ਰਿਤਪਾਲ ਤੇ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਉੱਤੇ ਚਿੰਤਾ ਜ਼ਾਹਿਰ ਕੀਤੀ।
ਸੁਖਪਾਲ ਖਹਿਰਾ ਨੇ ਕਿਹਾ ਕਿ ਜੋ ਯੂਏਪੀਏ ਕਾਨੂੰਨ ਹੈ ਉਹ ਟਾਡਾ ਅਤੇ ਪੋਟਾ ਤੋਂ ਵੀ ਖਤਰਨਾਕ ਹੈ ਇਹ ਕਾਨੂੰਨ ਹਥਿਆਰਬੰਦ ਲੜਾਈ ਲੜਨ ਵਾਲੇ ਖੂੰਖਾਰ ਅੱਤਵਾਦੀਆਂ ਦੇ ਲਈ ਬਣਾਇਆ ਗਿਆ ਹੈ ਪਰ ਪੰਜਾਬ ਪੁਲਿਸ ਨੇ ਇਸ ਕਾਨੂੰਨ ਤਹਿਤ ਖ਼ਾਲਿਸਤਾਨ ਅਤੇ ਰਿਫ਼ਰੈਂਡਮ 2020 ਦੀ ਆੜ ਵਿੱਚ ਬਹੁਤ ਬੇਗੁਨਾਹ ਅਤੇ ਗਰੀਬ ਲੋਕਾਂ ਨੂੰ ਘਰੋਂ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਉਹ ਇਸੇ ਤਹਿਤ ਅੱਜ ਮਾਨਸਾ ਦੇ ਗੁਰਤੇਜ ਸਿੰਘ ਦੇ ਘਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਗੁਰਤੇਜ ਸਿੰਘ ਦੀ ਪਤਨੀ ਬਿਮਾਰ ਹੈ। ਉਨ੍ਹਾਂ ਨੇ ਗੁਰਤੇਜ ਸਿੰਘ ਨੂੰ ਦਿੱਲੀ ਪੁਲਿਸ ਵੱਲੋਂ ਯੂਏਪੀਏ ਕਾਨੂੰਨ ਦੇ ਤਹਿਤ ਗ੍ਰਿਫਤਾਰ ਕਰਨ ਉੱਤੇ ਵੀ ਸਵਾਲ ਚੁੱਕਦੇ ਹੋਏ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੂੰ ਇਹ ਨਹੀਂ ਪਤਾ ਕਿ ਗੁਰਤੇਜ ਸਿੰਘ ਨੂੰ ਇਨਸਾਫ਼ ਦਿਵਾਉਣ ਦੇ ਲਈ ਕਿਹੜਾ ਵਕੀਲ ਕਰਨਾ ਹੈ ਅਤੇ ਕਿੱਥੋਂ ਹੋਵੇਗਾ। ਇੰਨਾ ਵੱਡਾ ਕਾਲਾ ਕਾਨੂੰਨ ਗ਼ਰੀਬਾਂ ਉੱਤੇ ਨਾ ਪਾਓ ਅਤੇ ਮੰਨ ਲਿਆ ਕੇ ਗ਼ਲਤੀ ਹੈ ਤਾਂ ਫਿਰ ਉਸ ਉੱਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਖਹਿਰਾ ਨੇ ਬਰਗਾੜੀ ਕਾਂਡ ਦੀ ਜਾਂਚ ਉੱਤੇ ਬੋਲਦਿਆਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਦੋਨੋਂ ਪਾਰਟੀਆਂ ਨੇ ਉਲਝਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਐੱਸਆਈਟੀ ਹੈ ਉਸ ਨੂੰ ਫ੍ਰੀ ਹੈਂਡ ਦੇਣ ਤਾਂ ਹੀ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਉਸ ਸਮੇਂ ਦੀ ਅਕਾਲੀ ਸਰਕਾਰ ਅਤੇ ਬਾਦਲ ਪਰਿਵਾਰ ਉੱਤੇ ਜਾ ਕੇ ਰੁਕੇਗੀ ਪਰ ਦੇਖਣਾ ਇਹ ਹੋਵੇਗਾ ਕਿ ਅਮਰਿੰਦਰ ਸਿੰਘ ਉੱਚ ਪੱਧਰ ਉੱਤੇ ਕਾਰਵਾਈ ਕਰਨਗੇ ਜਾਂ ਫਿਰ ਛੋਟੇ ਕਰਮਚਾਰੀਆਂ ਦਾ ਹੀ ਚਲਾਨ ਕਰਨਗੇ।
ਖਹਿਰਾ ਨੇ ਸੂਬਾ ਸਰਕਾਰ ਵੱਲੋਂ ਅਧਿਆਪਕਾਂ ਦੀ ਕੋਰੋਨਾ ਵਿੱਚ ਲਗਾਈ ਗਈ ਡਿਊਟੀ ਉੱਤੇ ਸਵਾਲ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਦਾ ਕੰਮ ਬੱਚਿਆ ਨੂੰ ਪੜ੍ਹਾਉਣ ਦਾ ਹੈ ਨਾ ਕਿ ਐਨਆਰਆਈ ਨੂੰ ਕੁਆਰੰਟੀਨ ਕਰਨ ਦਾ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਇਹ ਗ਼ਲਤ ਡਿਊਟੀਆਂ ਹਨ। ਅਧਿਆਪਕਾਂ ਦੀਆਂ ਡਿਊਟੀ ਪੜ੍ਹਾਈ ਨਾਲ ਸਬੰਧਿਤ ਹੀ ਲੱਗਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ:ਮੋਗਾ ਵਿੱਚ 16 ਨਵੇਂ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ, ਜ਼ਿਲ੍ਹੇ ਵਿੱਚ 41 ਐਕਟਿਵ ਮਰੀਜ਼