ਮਾਨਸਾ: ਮੁਖ਼ਬਰੀ ਦੇ ਦੋਸ਼ ਲਗਾ ਕੇ ਮਾਨਸਾ ਦੇ ਪਿੰਡ ਘਰਾਂਗਣਾ ਵਿੱਚ 20 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ 6 ਦੋਸ਼ੀਆਂ ਨੂੰ ਮਾਨਸਾ ਦੀ ਸੈਸ਼ਨ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੂੰ 25-25 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਦੇ ਫੈਸਲੇ ਉੱਤੇ ਪਰਿਵਾਰ ਨੇ ਸੰਤੁਸ਼ਟੀ ਜਤਾਈ ਹੈ।
ਦੱਸ ਦਈਏ ਕਿ ਇਹ ਘਟਨਾ ਮਾਨਸਾ ਦੇ ਪਿੰਡ ਘਰਾਂਗਣਾ ਵਿੱਚ 10 ਅਕਤੂਬਰ 2016 ਨੂੰ ਵਾਪਰੀ ਸੀ। ਨੌਜਵਾਨ ਪਹਿਲਾਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦਾ ਸੀ ਅਤੇ ਬਾਅਦ ਵਿੱਚ ਉਸ ਨੇ ਉਹ ਧੰਦਾ ਛੱਡ ਦਿੱਤਾ ਸੀ ਪਰ ਇਲਾਕੇ ਵਿੱਚ ਸ਼ਰਾਬ ਕਾਰੋਬਾਰੀਆਂ ਨੂੰ ਸ਼ੱਕ ਸੀ ਕਿ ਉਹ ਉਨ੍ਹਾਂ ਦੇ ਕਾਰੋਬਾਰ ਦੀ ਮੁਖ਼ਬਰੀ ਕਰਦਾ ਹੈ।
ਇਸੇ ਕਾਰਨ ਇਨ੍ਹਾਂ ਲੋਕਾਂ ਨੇ 10 ਅਕਤੂਬਰ 2016 ਨੂੰ ਇਕੱਠੇ ਹੋ ਕੇ ਸੁਖਚੈਨ ਸਿੰਘ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਹੈਵਾਨੀਅਤ ਦਾ ਪ੍ਰਦਰਸ਼ਨ ਕਰਦੇ ਹੋਏ ਹਮਲਾਵਰ ਉਸ ਦੀ ਇੱਕ ਲੱਚ ਕੱਟ ਕੇ ਨਾਲ ਲੈ ਗਏ।
ਥਾਣਾ ਕੋਟ ਧਰਮੂ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਉੱਤੇ 6 ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਸੀ। ਪੀੜਤ ਪਰਿਵਾਰ ਵੱਲੋਂ ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਤਿੰਨ ਸਾਲ ਤੱਕ ਚੱਲੀ ਅਦਾਲਤੀ ਪ੍ਰਕਿਰਿਆ ਦੇ ਦੌਰਾਨ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਛੇ ਦੋਸ਼ੀਆਂ ਬਲਵੀਰ ਸਿੰਘ ਉਰਫ਼ ਕਾਲਾ, ਹਰਦੀਪ ਸਿੰਘ, ਸਾਧੂ ਸਿੰਘ, ਬਬਰੀਕ ਸਿੰਘ ਰੂਪ, ਬਿੱਟੂ ਸੀਤਾ ਸਿੰਘ, ਅਮਨਦੀਪ ਸਿੰਘ ਉਰਫ਼ ਬਿੱਟਾ ਨੂੰ ਉਮਰ ਕੈਦ ਦੇ ਇਲਾਵਾ 25-25 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।
ਉਨ੍ਹਾਂ ਦੱਸਿਆ ਕਿ ਅਦਾਲਤ ਨੇ ਜੁਰਮਾਨੇ ਦੀ ਰਕਮ ਪੀੜਤ ਪਰਿਵਾਰ ਨੂੰ ਦਿੱਤੇ ਜਾਣ ਦਾ ਆਦੇਸ਼ ਜਾਰੀ ਕੀਤਾ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਪਰਿਵਾਰ ਕੇ ਪਰਿਵਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਚਾਹੁੰਦਾ ਹੈ ਜਿਸ ਕਾਰਨ ਉਹ ਇਸ ਫ਼ੈਸਲੇ ਦੀ ਅਪੀਲ ਵੀ ਦਾਇਰ ਕਰਨਗੇ।
ਉੱਧਰ ਮੁਜਰਮਾਂ ਦੇ ਲਈ ਫਾਂਸੀ ਦੀ ਸਜ਼ਾ ਮੰਗਣ ਵਾਲੇ ਮ੍ਰਿਤਕ ਸੁਖਚੈਨ ਸਿੰਘ ਉਰਫ਼ ਪਾਲੀ ਦੇ ਮਾਤਾ ਪਿਤਾ ਨੇ ਅਦਾਲਤ ਦੇ ਇਸ ਫੈਸਲੇ ਉੱਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਅਦਾਲਤ ਅਤੇ ਵਕੀਲ ਦਾ ਧੰਨਵਾਦ ਕੀਤਾ ਹੈ।