ਮਾਨਸਾ: ਕਿਸਾਨਾਂ ਦੇ ਧਰਨਿਆਂ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਗੀਤ ਰਾਹੀਂ ਸਰਕਾਰ ਤੱਕ ਪਹੁੰਚਾਉਣ ਵਾਲੇ ਸੁਖਬੀਰ ਖਾਰਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਤੇ ਉਸ ਨੇ 1980-81 ਤੋਂ ਕਾਮਰੇਡਾਂ ਦੇ ਧਰਨਿਆਂ ਵਿੱਚ ਗਾਉਣਾ ਸ਼ੁਰੂ ਕੀਤਾ।
ਇਸ ਤੋਂ ਬਾਅਦ ਫਿਰ ਉਸ ਨੂੰ ਚੇਟਕ ਲੱਗ ਗਈ ਕਿ ਕਿਸਾਨ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੀ ਕਰਨੀ ਹੈ, ਤੇ ਹੁਣ ਉਹ ਲਗਾਤਾਰ ਮਾਨਸਾ ਤੋਂ ਇਲਾਵਾ ਬਾਹਰਲੇ ਜ਼ਿਲ੍ਹਿਆਂ 'ਚ ਵੀ ਕਿਸਾਨ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਜਾ ਕੇ ਆਪਣੇ ਇਨਕਲਾਬੀ ਗੀਤ ਰਾਹੀਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਸਰਕਾਰ ਖ਼ਿਲਾਫ਼ ਝੰਡਾ ਚੁੱਕਣ ਲਈ ਲਾਮਬੰਦ ਕਰਦਾ ਹੈ।
ਸੁਖਬੀਰ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲੀ ਵਾਰ ਜੇਲ੍ਹ ਗਿਆ ਤਾਂ ਪਰਿਵਾਰ ਨੇ ਕਿਹਾ ਕਿ ਉਹ ਅਜਿਹੇ ਕੰਮ ਛੱਡ ਦੇਵੇ ਪਰ ਸੁਖਬੀਰ ਨੇ ਆਪਣਾ ਇਹ ਝੰਡਾ ਸਰਕਾਰਾਂ ਦੇ ਖ਼ਿਲਾਫ਼ ਚੁੱਕੀ ਰੱਖਿਆ। ਇਸ ਦੇ ਚੱਲਦਿਆਂ ਸੁਖਬੀਰ ਦੇ ਘਰ ਦਾ ਖ਼ਰਚਾ ਵੀ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ ਤੋਂ ਹੀ ਚੱਲਦਾ ਹੈ।