ਮਾਨਸਾ :ਦੇਰ ਰਾਤ ਮਾਨਸਾ ਜ਼ਿਲ੍ਹੇ ਚੋਂ ਹੋਈ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਦੇ ਕਾਰਨ ਕਣਕ ਦੀ ਫ਼ਸਲ ਧਰਤੀ ਉੱਪਰ ਵਿਛ ਚੁੱਕੀ ਹੈ ਜਿਸ ਨਾਲ ਕਿਸਾਨਾਂ ਦੀਆਂ ਸੱਧਰਾਂ ਨੂੰ ਬੂਰ ਪੈਂਦਾ ਨਹੀਂ ਦਿਖਾਈ ਦੇ ਰਿਹਾ। ਕਿਸਾਨਾਂ ਦਾ ਕਹਿਣਾ ਕਿ ਕਣਕ ਦੀ ਫਸਲ ਡਿੱਗਣ ਕਾਰਨ ਜਿੱਥੇ ਝਾੜ ਵਿੱਚ ਫਰਕ ਪਵੇਗਾ ਉੱਥੇ ਹੀ ਕਟਾਈ ਸਮੇਂ ਮਸ਼ੀਨ ਵਾਲੇ ਵੀ ਜ਼ਿਆਦਾ ਰੇਟ ਮੰਗਣਗੇ ਉਨ੍ਹਾਂ ਕਿਹਾ ਕਿ ਕਿਸਾਨ ਨੂੰ ਵੱਡੀ ਮਾਰ ਪਈ ਹੈ ਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਮਹਿੰਗਾ ਭਾਅ ਦਾ ਬੀਜ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ ਤੇ ਹੁਣ ਦੇਰ ਰਾਤ ਹੋਈ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਦੇ ਕਾਰਨ ਕਣਕ ਦੀ ਫ਼ਸਲ ਧਰਤੀ ਉੱਪਰ ਡਿੱਗਣ ਕਾਰਨ ਉਸ ਦੀਆਂ ਰੀਝਾਂ ਤੋੇ ਪਾਣੀ ਫਿਰ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਝਾੜ 'ਚ ਫਰਕ ਪੈਣਾ ਸੁਭਾਵਿਕ ਹੈ ਉਥੇ ਮਸ਼ੀਨ ਨਾਲ ਕਟਾਈ ਸੰਭਵ ਨਹੀਂ ਅਤੇ ਹੱਥਾ ਨਾਲ ਕਟਾਈ ਕਰਨ ਵਾਲੀ ਲੇਬਰ ਮੂੰਹ ਮੰਗੇ ਪੈਸੇ ਮੰਗਣਗੇ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪ੍ਰਤੀ ਏਕੜ 15 ਹਜ਼ਾਰ ਰੁਪਏ ਦੀ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਨਾਲ ਰੰਜ ਵੀ ਕੀਤਾ ਕਿ ਜਦੋਂ ਕਿਸਾਨ ਦੀ ਫ਼ਸਲ ਕੁਦਰਤੀ ਮਾਰ ਦੀ ਭੇਟ ਚੜ੍ਹਦੀ ਹੈ ਤਾਂ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਗੱਲ ਤਾਂ ਕਰਦੀ ਹੈ ਪਰ ਬਾਅਦ ਵਿੱਚ ਕੋਈ ਵੀ ਮੁਆਵਜ਼ਾ ਨਹੀਂ ਮਿਲਦਾ।