ਮਾਨਸਾ: ਆਵਾਰਾ ਪਸ਼ੂ ਕਿਸਾਨਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਰਾਤ ਦੇ ਸਮੇਂ ਅਵਾਰਾ ਪਸ਼ੂ ਕਣਕ ਦੀ ਫਸਲ ਨੂੰ ਉਜਾੜ ਦਿੰਦੇ ਹਨ ਜਿਸ ਕਾਰਨ ਮਜਬੂਰੀ 'ਚ ਠੰਡੀਆਂ ਰਾਤਾਂ ਵਿੱਚ ਕਿਸਾਨਾਂ ਨੂੰ ਫ਼ਸਲਾਂ ਦੀ ਰਾਖੀ ਕਰਨੀ ਪੈਂਦੀ ਹੈ। ਈਟੀਵੀ ਭਾਰਤ ਵੱਲੋਂ ਰਾਤ ਸਮੇਂ ਆਪਣੀ ਫਸਲ ਦੀ ਰਖਵਾਲੀ ਕਰਦੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਤੋਂ ਗਊ ਸੈਸ ਤਾਂ ਲਿਆ ਜਾਂਦਾ ਹੈ ਪਰ ਆਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਸਰਕਾਰ ਦੀ ਨਾਕਾਮੀ ਕਾਰਨ ਕਿਸਾਨਾਂ ਨੂੰ ਠੰਡੀਆਂ ਕਾਲੀਆਂ ਰਾਤਾਂ ਵਿੱਚ ਆਪਣੀ ਫਸਲ ਦੀ ਰਾਖੀ ਕਰਨੀ ਪੈਂਦੀ ਹੈ।
ਇਸ ਦੇ ਨਾਲ ਹੀ ਇੱਕ ਕਿਸਾਨ ਨੇ ਦੱਸਿਆ ਕਿ ਉਸ ਦੀ ਉਮਰ 81 ਸਾਲ ਹੈ ਪਰ ਫ਼ੇਰ ਵੀ ਉਸ ਨੂੰ 2 ਡਿਗਰੀ ਤਾਪਮਾਨ ਆਪਣੀ ਫਸਲ ਦੀ ਰਾਖੀ ਕਰਨ ਲਈ ਰਾਤ ਖੇਤ ਵਿੱਚ ਕੱਟਣੀ ਪੈਂਦੀ ਹੈ।
ਇਹ ਵੀ ਪੜ੍ਹੋ: ਪਾਕਿ ਹਵਾਈ ਖੇਤਰ 'ਚ ਜਹਾਜ਼ਾਂ 'ਤੇ ਹੋ ਸਕਦੈ ਅੱਤਵਾਦੀ ਹਮਲਾ, ਅਮਰੀਕਾ ਨੇ ਜਾਰੀ ਕੀਤੀ ਐਡਵਾਇਜ਼ਰੀ
ਉੱਥੇ ਹੀ ਕਿਸਾਨ ਦੀ ਫਸਲ ਦੀ ਰਖਵਾਲੀ ਕਰ ਰਹੇ ਮਜ਼ਦੂਰ ਨੇ ਕਿਹਾ ਕਿ ਉਹ ਦਿਨ ਸਮੇਂ ਖੇਤ ਵਿੱਚ ਕੰਮ ਕਰਦਾ ਹੈ ਫਿਰ ਰਾਤ ਨੂੰ ਕਣਕ ਦੀ ਰਾਖੀ ਲਈ ਆਉਂਦਾ ਹੈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਬਿਜਲੀ ਵੀ ਰਾਤ ਨੂੰ ਆਉਂਦੀ ਹੈ ਜਿਸ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਰਾਤ ਵੀ ਖੇਤਾਂ ਵਿੱਚ ਹੀ ਕੱਟਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀ ਦੁਖੀ ਹੈ, ਪਰ ਉਨ੍ਹਾਂ ਤੋਂ ਜ਼ਿਆਦਾ ਮਜ਼ਦੂਰ ਦੁਖੀ ਹੈ ਜੋ ਕਿ ਦਿਨ ਅਤੇ ਰਾਤ ਨੂੰ ਖੇਤ ਵਿੱਚ ਹੀ ਰਹਿੰਦਾ ਹੈ ਅਤੇ 24 ਘੰਟੇ ਉਸ ਨੂੰ ਖੇਤ ਦੀ ਰਖਵਾਲੀ ਕਰਨੀ ਪੈਂਦੀ ਹੈ।
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਪਸ਼ੂਆਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਨਹੀਂ ਤਾਂ ਉਹ ਵੇਲਾ ਦੂਰ ਨਹੀਂ ਜਦੋਂ ਕਿਸਾਨਾਂ ਨੂੰ ਖੇਤੀ ਦਾ ਧੰਦਾ ਛੱਡ ਕੇ ਕੋਈ ਹੋਰ ਧੰਦਿਆਂ ਵੱਲ ਜਾਣਾ ਪਵੇਗਾ।