ਬਰਨਾਲਾ: ਬਰਨਾਲਾ ਜੇਲ੍ਹ ਦੇ ਇੱਕ ਕੈਦੀ ਦੀ ਪਿੱਠ ਤੇ ਅੱਦਵਾਦੀ ਲਿਖਣ ਦੇ ਮਾਮਲੇ ਵਿੱਚ ਅੱਜ ਜੇਲ੍ਹ ਅੱਗੇ ਵੱਖ ਵੱਖ ਜੱਥੇਬੰਦੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਜੇਲ੍ਹ ਅੱਗੇ ਬਰਨਾਲਾ-ਮੋਗਾ ਕੌਮੀ ਮਾਰਗ ਤੇ ਟੈਂਟ ਲਗਾ ਕੇ ਜੇਲ੍ਹ ਸੁਪਰਡੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ (Raised slogans against Jail Superintendent)। ਪ੍ਰਦਰਸ਼ਨਕਾਰੀਆਂ ਵਲੋਂ ਇਸ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਅਤੇ ਹੋਰ ਦੋਸ਼ੀ ਜੇਲ੍ਹ ਦੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਕਿਹਾ ਕਿ ਇਹ ਮਾਮਲਾ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿੱਚ ਸਿੱਧੇ ਤੌਰ ਤੇ ਜੇਲ੍ਹ ਦਾ ਸੁਪਰਡੰਟ ਜਿੰਮੇਵਾਰ ਹੈ। ਜਿਸ ਉਪਰ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿਹਾ ਕਿ ਕਿਸੇ ਦੀ ਪਿੱਠ ਤੇ ਇਸ ਤਰ੍ਹਾਂ ਅੱਤਵਾਦੀ ਲਿਖ ਦੇਣਾ ਸ਼ਰਾਸਰ ਧੱਕਾ ਹੈ। ਇਸੇ ਧੱਕੇ ਵਿਰੁੱਧ ਉਨ੍ਹਾਂ ਨੇ ਮਿਲ ਕੇ ਆਵਾਜ਼ ਉਠਾਈ ਹੈ। ਅੱਜ ਉਨ੍ਹਾਂ ਨੇ ਇਸ ਮਾਮਲੇ ਵਿੱਚ ਸੰਕੇਤਕ ਧਰਨਾ ਲਗਾਇਆ ਹੈ ਅਤੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ।
ਦੂਜੇ ਪਾਸੇ ਕਿਸਾਨ ਆਗੂ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਜੁਡੀਸੀਅਲ ਜਾਂਚ ਦੇ ਆਦੇਸ਼ ਦਿੱਤੇ ਹਨ। ਪ੍ਰੰਤੂ ਇਹ ਜਾਂਚ ਉਨਾਂ ਸਮਾਂ ਸਹੀ ਨਹੀਂ ਹੋ ਸਕਦੀ, ਜਿੰਨਾਂ ਸਮਾਂ ਜੇਲ੍ਹ ਦੇ ਸੁਪਰਡੈਂਟ ਦੀ ਇੱਥੋਂ ਬਦਲੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇੇ। ਇਸ ਮਾਮਲੇ ਵਿੱਚ ਜਿੰਨਾਂ ਸਮਾਂ ਇਨਸਾਫ਼ ਨਹੀਂ ਮਿਲਦਾ, ਉਹ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਕਰਦੀਆਂ ਆਈਆਂ ਹਨ ਤੇ ਇਸੇ ਤਰ੍ਹਾਂ ਮੁਸਲਮ ਭਾਈਚਾਰੇ ਨਾਲ ਵੀ ਧੱਕਾ ਕੀਤਾ ਜਾਂਦਾ ਹੈ।
ਬਰਾੜ ਨੇ ਕਿਹਾ ਕਿ ਸਿੱਖਾਂ ਨੂੰ ਹਮੇਸ਼ਾ ਅੱਤਵਾਦੀ ਗਰਦਾਨਿਆ ਜਾਂਦਾ ਰਿਹਾ ਹੈ ਤੇ ਜੇਕਰ ਇਸੇ ਨਜ਼ਰ ਨਾਲ ਵੇਖਿਆ ਜਾਂਦਾ ਰਿਹਾ ਤਾਂ ਸਿੱਖਾਂ ਦਾ ਗੁੱਸਾ ਹਮੇਸ਼ਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਭਾਵੇਂ ਕੋਈ ਵੀ ਅਫਸਰ ਜਾਂ ਜੱਜ ਜਾਂਚ ਕਰੇ, ਪਹਿਲੀ ਗੱਲ ਇਥੋਂ ਜੇਲ੍ਹ ਸੁਪਰਡੰਟ ਨੂੰ ਬਦਲਿਆ ਜਾਣਾ ਚਾਹੀਦਾ ਹੈ, ਕਿਉਂਕਿ ਉਸ ਦੇ ਇਥੇ ਤਾਇਨਾਤ ਰਹਿਣ ਦੌਰਾਨ ਕੋਈ ਵੀ ਕੈਦੀ ਡਰ ਦੇ ਮਾਰੇ ਸੱਚ ਨਹੀਂ ਬੋਲੇਗਾ ਤੇ ਜੋ ਵੀ ਜਾਂਚ ਹੋਵੇ, ਉਹ ਮੁਜਾਹਰਾਕਾਰੀਆਂ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੀ ਹਾਜਰੀ ਵਿੱਚ ਹੋਵੇ।
ਇਹ ਵੀ ਪੜ੍ਹੋ:ਕੋਟਕਪੂਰਾ ਗੋਲੀ ਕਾਂਡ ’ਚ ਸਰਕਾਰ ਦੀ ਐਸਐਲਪੀ ’ਤੇ ਮੁਲਜਮਾਂ ਨੂੰ ਨੋਟਿਸ ਜਾਰੀ