ਮਾਨਸਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਗੁਰਮੀਤ ਖੁੱਡੀਆ ਵੱਲੋਂ ਦਿੱਤੇ ਵਿਸ਼ਵਾਸ ਉੱਤੇ ਉਹ ਸਹਿਮਤ ਹੋ ਗਏ ਹਨ ਪਰ ਉਹਨਾਂ ਕਿਹਾ ਕਿ ਉਹਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹ ਇਸੇ ਤਰ੍ਹਾਂ ਆਪਣੀ ਅਵਾਜ਼ ਬੁਲੰਦ ਕਰਦੇ ਰਹਿਣਗੇ।
ਉਹ ਅੱਜ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਸਨ ਅਤੇ ਇਸ ਮੌਕੇ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਨਾਲ ਮਿਲਣ ਦਾ ਸਮਾਂ ਮੰਗਿਆ ਸੀ ਪਰ ਮਿਲਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਮੇਰੇ ਵੀ ਗੋਲੀ ਮਾਰ ਦਿਓ ਜਾਂ ਫਿਰ ਹੁਣ ਤੱਕ ਕੀਤੀ ਗਈ ਜਾਂਚ ਦੇ ਸਾਰੇ ਕਾਗਜ਼ ਵਾਪਸ ਕਰ ਦਿਓ। ਉਹ ਇਹ ਕਾਗਜ ਆਪਣੇ ਘਰ ਲੈ ਕੇ ਚਲੇ ਜਾਣਗੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਮਾਨਸਾ ਦੇ ਵਿੱਚ ਕੈਬਨਿਟ ਮੀਟਿੰਗ ਦੌਰਾਨ ਲੋਕ ਮਿਲਣੀ ਨੂੰ ਵੀ ਇੱਕ ਡਰਾਮਾ ਦੱਸਿਆ ਹੈ।
ਯਾਦ ਰਹੇ ਕਿ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਉਸ ਦੇ ਪਰਿਵਾਰ ਨੂੰ ਅਦਾਲਤ ਵਿੱਚੋਂ ਉਸ ਦਾ ਪਿਸਤੌਲ ਅਤੇ ਦੋ ਮੋਬਾਈਲ ਵਾਪਸ ਮਿਲ ਗਏ ਸਨ। ਪਰਿਵਾਰ ਨੇ ਇਸ ਦੀ ਅਪੀਲ ਕੀਤੀ ਸੀ। ਹਾਲਾਂਕਿ, ਅਦਾਲਤ 'ਚ ਹਰ ਪੇਸ਼ੀ 'ਤੇ ਉਨ੍ਹਾਂ ਨੂੰ ਆਪਣੇ ਨਾਲ ਮੋਬਾਈਲ ਅਤੇ ਪਿਸਤੌਲ ਲਿਆਉਣਾ ਹੋਵੇਗਾ। ਮੂਸੇਵਾਲਾ ਦੇ ਪਰਿਵਾਰ ਨੂੰ ਪਿਸਤੌਲ ਲਈ 4 ਲੱਖ ਰੁਪਏ ਅਤੇ ਮੋਬਾਈਲ ਲਈ 1 ਲੱਖ ਰੁਪਏ ਦਾ ਮੁਚੱਲਕਾ ਭਰਨਾ ਪਿਆ। ਇਹ ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂਏਅ 'ਤੇ ਦਰਜ ਹੋਵੇਗੀ।
ਮੋਬਾਈਲ ਅਤੇ ਪਿਸਤੌਲ ਅੱਗੇ ਨਹੀਂ ਵੇਚ ਸਕਦੇ: ਐਡਵੋਕੇਟ ਲਖਨਪਾਲ ਨੇ ਦੱਸਿਆ ਸੀ ਕਿ ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਹੈ ਕਿ ਜਦੋਂ ਤੱਕ ਕਤਲ ਦਾ ਕੇਸ ਚੱਲ ਰਿਹਾ ਹੈ, ਉਹ ਦੋ ਮੋਬਾਈਲ, (ਜਿਸ ਵਿੱਚ ਇਕ ਆਈਫੋਨ ਤੇ ਦੂਜਾ ਓਪੋ ਦਾ ਹੈ) ਅਤੇ ਪਿਸਤੌਲ ਅੱਗੇ ਨਹੀਂ ਵੇਚ ਸਕਦੇ। ਇਸ ਤੋਂ ਇਲਾਵਾ ਪਿਸਤੌਲ ਅਤੇ ਮੋਬਾਈਲ ਦਾ ਰੰਗ ਵੀ ਨਹੀਂ ਬਦਲਿਆ ਜਾਵੇਗਾ। ਇਹ ਪਿਤਾ ਬਲਕੌਰ ਸਿੰਘ ਨੂੰ ਸਪੁਰਦ ਕੀਤਾ ਹੈ। ਦੂਜੇ ਪਾਸੇ, ਕੁਲਦੀਪ ਸਿੰਘ ਮੂਸਾ ਨੇ ਦੱਸਿਆ ਮੋਬਾਇਲ ਖੁੱਲ੍ਹਵਾਉਣ ਦੀ ਪੁਲਿਸ ਤੇ ਪ੍ਰਸ਼ਾਸਨ ਵਲੋਂ ਕਾਫੀ ਕੋਸ਼ਿਸ਼ ਕੀਤੀ ਗਈ, ਪਰ ਉਸ ਚੋਂ ਕੁਝ ਨਹੀਂ ਮਿਲਿਆ ਹੈ।