ਮਾਨਸਾ :ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਛੱਬੀ ਜਨਵਰੀ ਟਰੈਕਟਰ ਮਾਰਚ ਵਾਲੇ ਦਿਨ ਹੋਈ ਘਟਨਾ ਨਾਲ ਕਿਸਾਨਾਂ ਵਿੱਚ ਰੋਹ ਹੋਰ ਵੀ ਜ਼ਿਆਦਾ ਵੱਧ ਗਿਆ ਹੈ, ਜਿਸ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ਵਿੱਚ ਡਿਊਟੀਆਂ ਲਗਾ ਕੇ ਲਾਮਬੰਦ ਕੀਤਾ ਜਾ ਰਿਹਾ ਹੈ । ਉਸੇ ਲੜੀ ਤਹਿਤ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਕੇਂਦਰ ਸਰਕਾਰ ਦਾ ਮੀਡੀਆ ਲਗਾਤਾਰ ਕਿਸਾਨਾਂ ਦੇ ਵਿਰੋਧ ਵਿੱਚ ਕੂੜ ਪ੍ਰਚਾਰ ਕਰ ਰਿਹਾ ਹੈ ਪਰ ਕਿਸਾਨ ਜਥੇਬੰਦੀਆਂ ਆਪਣੀ ਮੰਗਾਂ ਨੂੰ ਲੈ ਕੇ ਡਟੀਆਂ ਹੋਈਆਂ ਹਨ। ਆਗੂਆਂ ਨੇ ਦੱਸਿਆ ਕਿ ਅਸੀਂ ਹੁਣ ਰੋਜ਼ਾਨਾ ਪਿੰਡਾਂ ਵਿੱਚ ਮਤੇ ਪਵਾ ਕੇ ਦਿੱਲੀ ਵੱਲ ਜਥੇ ਰਵਾਨਾ ਕਰ ਰਹੇ ਹਾਂ ਜਿਸ ਨਾਲ ਦਿੱਲੀ ਬਾਰਡਰਾਂ ਦੇ ਮੋਰਚਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਰ ਵੀ ਜ਼ਿਆਦਾ ਤਿੱਖਾ ਕੀਤਾ ਜਾਵੇਗਾ।