ਮਾਨਸਾ : ਇਥੋਂ ਦੇ ਨਹਿਰੂ ਮੈਮੋਰੀਅਲ ਕਾਲਜ ਦੇ ਖੇਡ ਸਟੇਡੀਅਮ ਵਿਖੇ ਪੰਜਾਬ ਰਾਜ ਅੰਡਰ-25 ਵੂਮੈਨ ਖੇਡਾਂ ਦਾ ਆਗਾਜ਼ ਕੀਤਾ ਗਿਆ। ਇੰਨ੍ਹਾਂ ਖੇਡਾਂ ਦੀ ਘੁੰਡ-ਚੁੱਕਾਈ ਖੇਡ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਆਈਏਐੱਸ ਵੱਲੋਂ ਕੀਤੀ ਗਈ।
ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀਆਂ ਖਿਡਾਰਨਾਂ ਦੀਆਂ ਟੀਮਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ, ਜਿਸ ਤੋਂ ਬਾਅਦ ਖੇਡਾਂ ਦੀ ਸ਼ੁਰੂਆਤ ਕੀਤੀ ਗਈ।
ਤੁਹਾਨੂੰ ਦੱਸ ਦਈਏ ਕਿ ਇਹ ਖੇਡਾਂ 15 ਨਵੰਬਰ ਤੋਂ 17 ਨਵੰਬਰ ਤੱਕ ਮਾਨਸਾ ਵਿਖੇ ਖੇਡੀਆਂ ਜਾਣਗੀਆਂ। ਇੰਨ੍ਹਾਂ ਖੇਡਾਂ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 3600 ਖਿਡਾਰੀ ਹਿੱਸਾ ਲੈ ਰਹੇ ਹਨ। ਪ੍ਰਬੰਧਕਾਂ ਵੱਲੋਂ ਇਥੇ ਖਿਡਾਰੀਆਂ ਲਈ ਰਹਿਣ-ਸਹਿਣ ਦੇ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਖਿਡਾਰੀਆਂ ਦੇ ਮਨੋਰੰਜਨ ਦੇ ਲਈ ਪੰਜਾਬੀ ਲੋਕ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਦਾ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਮਾਨਸਾ ਜ਼ਿਲ੍ਹੇ ਦਾ ਮਾਣ ਅਤੇ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜੇਤੂ ਮਨਪ੍ਰੀਤ ਕੌਰ ਛੀਨਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਮਾਪੇ ਵੀ ਆਪਣੀਆਂ ਬੇਟੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਲੜਕੀਆਂ ਕਿਤੇ ਵੀ ਮੁੰਡਿਆਂ ਤੋਂ ਘੱਟ ਨਹੀਂ ਅਤੇ ਆਪਣੇ ਮਾਪਿਆਂ ਦਾ ਨਾਮ ਖੇਡਾਂ ਵਿਚ ਰੌਸ਼ਨ ਕਰ ਸਕਦੀਆਂ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਪ੍ਰੀਤ ਕੌਰ ਛੀਨਾ ਨੇ ਮਾਨਸਾ ਵਿਖੇ ਪੰਜਾਬ ਰਾਜ ਖੇਡਾਂ ਅੰਡਰ 25 ਦੇ ਉਦਘਾਟਨੀ ਸਮਾਰੋਹ ਦੌਰਾਨ ਲੜਕੀਆਂ ਲਈ ਇੱਕ ਰੋਲ ਮਾਡਲ ਹੋਣ ਦਾ ਮਾਣ ਹਾਸਲ ਕੀਤਾ ਉੱਥੇ ਹੀ ਉਨ੍ਹਾਂ ਲੜਕੀਆਂ ਨੂੰ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਖੇਡਾਂ ਵੱਲ ਰੁਚੀ ਦਿਖਾਉਣ ਤਾਂ ਕਿ ਉਨ੍ਹਾਂ ਦੇ ਮਾਂ ਪਿਤਾ ਅਤੇ ਦੇਸ਼ ਦਾ ਨਾਂਅ ਰੌਸ਼ਨ ਹੋ ਸਕੇ।
ਇਸ ਮੌਕੇ ਵੱਖ ਵੱਖ ਜ਼ਿਲਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਕਰਵਾਈਆਂ ਜਾ ਰਹੀਆਂ ਖੇਡਾਂ ਬਹੁਤ ਹੀ ਸ਼ਾਨਦਾਰ ਹਨ ਅਤੇ ਉਨ੍ਹਾਂ ਨੂੰ ਆਪਣੇ ਤੇ ਪੱਕਾ ਵਿਸ਼ਵਾਸ ਹੈ ਕਿ ਉਹ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਜਾਣਗੇ