ਮਾਨਸਾ: ਮਾਨਸਾ ਦੇ ਸਿਟੀ ਥਾਣਾ 2 ਵਿੱਚ ਮਾਹੌਲ ਉਸ ਸਮੇਂ ਹਫ਼ੜਾ-ਤਫ਼ੜੀ ਵਾਲਾ ਹੋ ਗਿਆ, ਜਦੋਂ 2 ਪਾਰਟੀਆਂ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਦੌਰਾਨ ਇਕ ਪਾਰਟੀ ਵੱਲੋਂ ਥਾਣੇਦਾਰ ਉਪਰ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਸਹਾਇਕ ਥਾਣੇਦਾਰ ਕੌਰ ਸਿੰਘ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਮਾਨਸਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਸੋਨੂੰ ਤੰਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਿਵਲ ਹਸਪਤਾਲ ਵਿੱਚ ਦਾਖਲ ਸਹਾਇਕ ਥਾਣੇਦਾਰ ਕੌਰ ਸਿੰਘ ਨੇ ਦੱਸਿਆ ਕਿ ਉਸ ਕੋਲ ਐਸ.ਡੀ.ਐਮ. ਮਾਨਸਾ ਤੋਂ ਇੱਕ ਦਰਖਾਸਤ ਆਈ ਸੀ, ਜਿਸ ਦੇ ਸਬੰਧ ਵਿੱਚ ਉਹ ਮਨਜੀਤ ਸਿੰਘ ਅਤੇ ਸੋਨੂੰ ਤੰਵਰ ਨੂੰ ਆਹਮੋ ਸਾਹਮਣੇ ਬਿਠਾ ਕੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੋਨੂੰ ਤੰਵਰ ਨੇ ਤੈਸ਼ ਵਿੱਚ ਆ ਕੇ ਉਸ ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਸਿਵਲ ਹਸਪਤਾਲ ਦੇ ਡਾਕਟਰ ਇਸਾਨ ਬਾਂਸਲ ਨੇ ਦੱਸਿਆ ਕਿ ਸਾਡੇ ਕੋਲ ਦੁਪਹਿਰ ਕਰੀਬ ਸਵਾ 3 ਵਜੇ ਥਾਣੇਦਾਰ ਕੌਰ ਸਿੰਘ ਦਾਖਲ ਹੋਏ ਹਨ, ਜਿਨ੍ਹਾਂ ਦੇ ਸ਼ਰੀਰ 'ਤੇ ਸੱਟਾਂ ਲੱਗੀਆਂ ਹੋਈਆਂ ਹਨ, ਉਹਨਾਂ ਕਿਹਾ ਕਿ ਇਲਾਜ ਜਾਰੀ ਹੈ ਅਤੇ ਪੁਲਿਸ ਨੂੰ ਸੂਚਨਾ ਭੇਜੀ ਗਈ ਹੈ। ਉੱਥੇ ਹੀ ਥਾਣਾ ਸਿਟੀ ਪੁਲਿਸ ਵੱਲੋਂ ਸਹਾਇਕ ਥਾਣੇਦਾਰ ਕੌਰ ਸਿੰਘ ਦੇ ਬਿਆਨਾਂ ਉਪਰ ਸੋਨੂੰ ਤੰਵਰ ਖ਼ਿਲਾਫ਼ ਮਾਮਲਾ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜੋ:- ਸੰਗਰੂਰ ਜ਼ਿਮਨੀ ਚੋਣ ਲਈ ਭਲਕੇ ਹੋਵੇਗੀ ਵੋਟਿੰਗ, 26 ਨੂੰ ਨਤੀਜੇ, ਜਾਣੋ ਸੀਟ ਦਾ ਪੂਰਾ ਹਾਲ...