ਮਾਨਸਾ: ਪਿਛਲੇ ਸਾਲ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਹੋਏ ਆਰਥਿਕ ਨੁਕਸਾਨ ਤੋਂ ਕਿਸਾਨ (Farmers) ਅਜੇ ਸੰਭਲੇ ਵੀ ਨਹੀਂ ਸਨ, ਕਿ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਨੇ ਮੁੜ ਹਮਲਾ ਕਰ ਦਿੱਤਾ ਹੈ। ਮਾਨਸਾ ਦੇ ਪਿੰਡ ਰਮਦਿੱਤੇ ਵਾਲਾ (Ramditte Wala of Mansa) ਵਿਖੇ ਵੀ ਕਿਸਾਨਾਂ ਵੱਲੋਂ ਅਗੇਤੇ ਬੀਜੇ ਨਰਮੇ ਦੇ ਜਿਵੇਂ ਹੀ ਫੁੱਲ ਬਣਨੇ ਸ਼ੁਰੂ ਹੋਏ ਹਨ ਤਾਂ ਫੁੱਲਾਂ 'ਚ ਗੁਲਾਬੀ ਸੁੰਡੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ ਅਤੇ ਸਰਕਾਰ ਕੋਲੋਂ ਗੁਲਾਬੀ ਸੁੰਡੀ ਦਾ ਢੁੱਕਵਾਂ ਹੱਲ ਕਰਨ ਦੀ ਮੰਗ ਕਰ ਰਹੇ ਹਨ।
ਮਾਨਸਾ ਦੇ ਪਿੰਡ ਰਮਦਿੱਤੇ ਵਾਲਾ (Ramditte Wala of Mansa) ਵਿਖੇ ਕਿਸਾਨਾਂ (Farmers) ਵੱਲੋਂ ਆਪਣੀ ਜ਼ਮੀਨ ਉੱਪਰ ਨਰਮੇ ਦੀ ਫਸਲ ਦੀ ਅਗੇਤੀ ਬਿਜਾਈ ਕੀਤੀ ਗਈ ਹੈ, ਪਰ ਨਰਮੇਂ ਦੀ ਫਸਲ ਨੂੰ ਫੁੱਲ ਪੈਣ ਸਾਰ ਹੀ ਗੁਲਾਬੀ ਸੁੰਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਨਰਮੇਂ ਦੀ ਫਸਲ ਦੇ ਫੁੱਲਾਂ ਵਿੱਚ ਗੁਲਾਬੀ ਸੁੰਡੀ ਦਿਖਾਈ ਦੇ ਰਹੀ ਹੈ। ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ (Government of Punjab) ਵੱਲੋਂ ਪਾਣੀ ਬਚਾਉਣ ਲਈ ਕੀਤੀ ਅਪੀਲ ‘ਤੇ ਇੱਕ ਏਕੜ ਜਮੀਨ ‘ਤੇ ਨਰਮੇ ਦੀ ਬਿਜਾਈ ਕੀਤੀ ਸੀ ਅਤੇ ਹੁਣ ਤੱਕ ਜਿੰਨੇ ਵੀ ਫੁੱਲ ਲੱਗੇ ਹਨ, ਉਸ ਵਿੱਚੋਂ 60 ਫੀਸਦੀ ਫੁੱਲਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ।
ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ 5-6 ਏਕੜ ਜ਼ਮੀਨ ‘ਤੇ ਨਰਮੇ ਦੀ ਬਿਜਾਈ ਕੀਤੀ ਹੈ ਅਤੇ ਉਸ ਦੇ ਨਰਮੇ ਦਾ ਵੀ ਇਹੀ ਹਾਲ ਹੈ ਕਿਉਂਕਿ 10 ਫੁੱਲਾਂ ਮਗਰ 6-7 ਫੁੱਲਾਂ ਵਿੱਚ ਗੁਲਾਬੀ ਸੁੰਡੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਇਲਾਕਾ ਨਰਮ ਪੱਟੀ ਦਾ ਇਲਾਕਾ ਹੈ ਅਤੇ ਹੁਣ ਫਿਰ ਗੁਲਾਬੀ ਸੁੰਡੀ ਕਾਰਨ ਸਾਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਖ਼ਰਾਬ ਹੋਏ ਨਰਮੇ ਦਾ ਮੁਆਵਜਾ ਦਿੱਤਾ ਜਾਵੇ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਅਤੇ ਪਿੰਡ ਵਾਸੀ ਗੁਰਲਾਭ ਸਿੰਘ ਨੇ ਵੀ ਸਰਕਾਰ (Government of Punjab) ਤੋਂ ਕਿਸਾਨਾਂ ਦੇ ਖ਼ਰਾਬ ਹੋ ਰਹੇ ਨਰਮੇ ਲਈ ਮੁਆਵਜੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ‘ਤੇ ਪਿਛਲੇ ਸਾਲ ਵੀ ਸੁੰਡੀ ਦਾ ਹਮਲਾ ਹੋਇਆ ਸੀ ਤੇ ਇਸ ਵਾਰ ਫਿਰ ਨਰਮੇ ਦੀ ਫਸਲ ‘ਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਸਰਕਾਰ ਦੀ ਅਪੀਲ ਤੇ ਝੋਨੇ ਵਾਲੇ ਵਾਹਨ ਵਿੱਚ ਨਰਮੇ ਦੀ ਬਿਜਾਈ ਕੀਤੀ ਸੀ, ਪਰ ਹੁਣ ਸੁੰਡੀ ਦੇ ਹਮਲੇ ਕਾਰਨ ਨਰਮਾ ਖਰਾਬ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਇਸ ਦਾ ਕੋਈ ਪੱਕਾ ਹਲ ਕਰੇ ਤੇ ਨਾਲ ਹੀ ਖਰਾਬ ਹੋਈ ਫਸਲ ਦਾ ਮੁਆਵਜਾ ਦੇਵੇ ਤਾਂ ਕਿ ਕਿਸਾਨ ਸਮੇ ਸਿਰ ਹੋਰ ਫਸਲਾਂ ਬੀਜ ਸਕਣ।
ਇਹ ਵੀ ਪੜ੍ਹੋ: ਤਨਖਾਹਾਂ ਨਾ ਮਿਲਣ 'ਤੇ ਭੜਕੇ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮ, ਬੱਸ ਸਟੈਂਡ ਕੀਤਾ ਬੰਦ